ਗਗਨਦੀਪ ਅਰੋੜਾ
ਲੁਧਿਆਣਾ, 11 ਮਈ
ਜ਼ਿਲ੍ਹਾ ਲੁਧਿਆਣਾ ਪ੍ਰਸ਼ਾਸਨ ਨੇ ਸਵੇਰੇ ਪੰਜ ਵਜੇ ਤੋਂ ਬਾਅਦ ਦੁਪਹਿਰ 12 ਵਜੇ ਤੱਕ ਕਰਫਿਊ ’ਚ ਢਿੱਲ ਦਿੱਤੀ ਹੈ। ਸਨਅਤੀ ਸ਼ਹਿਰ ਵਿੱਚ ਮਾਰਕੀਟ ’ਚ ਸਵੇਰ ਤੋਂ ਹੀ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਸਨ। ਅੱਜ ਸ਼ਹਿਰ ਦੇ ਮੁੱਖ ਬਾਜ਼ਾਰ 7 ਵਜੇ ਹੀ ਖੁੱਲ੍ਹ ਗਏ ਤੇ 8 ਵਜੇ ਤੋਂ ਬਾਜ਼ਾਰਾਂ ਵਿੱਚ ਭੀੜ ਲੱਗਣੀ ਸ਼ੁਰੂ ਹੋ ਗਈ। ਮੰਗਲਵਾਰ ਨੂੰ ਸਾਢੇ 9 ਵਜੇ ਹੀ ਟਰੈਫਿਕ ਜਾਮ ਵਰਗੇ ਹਾਲਾਤ ਹੋ ਗਏ ਸਨ। ਚੌੜਾ ਬਾਜ਼ਾਰ, ਸਾਬਣ ਬਾਜ਼ਾਰ, ਕਿਤਾਬ ਬਾਜ਼ਾਰ ਸਮੇਤ ਪੁਰਾਣੇ ਬਾਜ਼ਾਰਾਂ ’ਚ ਟਰੈਫਿਕ ਜ਼ਿਆਦਾ ਰਿਹਾ। ਦੁਕਾਨਾਂ ’ਚ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਸਨ। ਬਾਜ਼ਾਰਾਂ ’ਚ ਕਰੋਨਾ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਪੁਲੀਸ ਵੀ ਬਾਜ਼ਾਰਾਂ ’ਚ ਗਸ਼ਤ ਕਰਦੀ ਨਜ਼ਰ ਆਈ, ਪਰ ਉਸ ਤੋਂ ਬਾਅਦ ਵੀ ਬਾਜ਼ਾਰਾਂ ’ਚ ਨਿਯਮਾਂ ਦੀ ਉਲੰਘਣਾ ਹੁੰਦੀ ਰਹੀ। ਪੁਲੀਸ ਨੇ ਦੁਕਾਨਦਾਰਾਂ ਨੂੰ ਸਾਫ਼ ਆਖ ਦਿੱਤਾ ਹੈ ਕਿ 12 ਵਜੇ ਤੋਂ ਪਹਿਲਾਂ ਦੁਕਾਨਾਂ ਨੂੰ ਬੰਦ ਕਰ ਆਪਣੇ ਘਰਾਂ ’ਚ ਚਲੇ ਜਾਣ ਨਹੀਂ ਤਾਂ ਸਾਰਿਆਂ ’ਤੇ ਪੁਲੀਸ ਕੇਸ ਦਰਜ ਕਰੇਗੀ ਤੇ ਨਿਯਮ ਤੋੜਨ ਵਾਲਿਆਂ ਨੂੰ ਆਰਜ਼ੀ ਜੇਲ੍ਹਾਂ ’ਚ ਭੇਜਿਆ ਜਾਵੇਗਾ।
ਕਰੋਨਾ: ਸਮਰਾਲਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕੇ
ਸਮਰਾਲਾ (ਡੀ ਪੀ ਐੱਸ ਬੱਤਰਾ): ਕਰੋਨਾ ਦੇ ਲਗਾਤਾਰ ਵਧ ਰਹੇ ਕਹਿਰ ਨੂੰ ਵੇਖਦਿਆ2 ਪੁਲੀਸ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਦੁਪਹਿਰ 12 ਤੋਂ ਬਾਅਦ ਕਰਫਿਊ ਤੋੜਨ ਵਾਲੇ ਵਿਅਕਤੀਆਂ ’ਤੇ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਲੈਂਦਿਆਂ ਸਮਰਾਲਾ ਅਤੇ ਖੰਨਾ ਵਿੱਚ ਦੋ ਅਸਥਾਈ ਜੇਲ੍ਹਾਂ ਦਾ ਨਿਰਮਾਣ ਕਰਦਿਆਂ ਐੱਸ.ਪੀ. ਪੱਧਰ ਦੇ ਅਧਿਕਾਰੀਆਂ ਨੂੰ ਇਨ੍ਹਾਂ ਜੇਲ੍ਹਾਂ ਦਾ ਜੇਲ੍ਹ ਸੁਪਰਡੈਂਟ ਨਿਯੁਕਤ ਕੀਤਾ ਹੈ। ਐੱਸ.ਐੱਸ.ਪੀ. ਖੰਨਾ ਗੁਰਸ਼ਨਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਜੋ ਵੀ ਵਿਅਕਤੀ ਕਰਫਿਊ ਦੀ ਉਲੰਘਣਾ ਕਰੇਗਾ, ਉਸ ਨੂੰ ਇਨ੍ਹਾਂ ਜੇਲ੍ਹਾਂ ਅੰਦਰ ਡੱਕਿਆ ਜਾਵੇਗਾ। ਸਮਰਾਲਾ ਵਿੱਚ ਭਾਰਤੀ ਪੈਲੇਸ ਅਤੇ ਖੰਨਾ ਵਿੱਚ ਲਾਲਾ ਸਰਕਾਰੂ ਮੱਲ ਸੀਨੀਅਰ ਸੈਕੰਡਰੀ ਸਕੂਲ ਨੂੰ ਅਸਥਾਈ ਜੇਲ੍ਹਾਂ ਵਿੱਚ ਤਬਦੀਲ ਕੀਤਾ ਗਿਆ ਹੈ।ਸਮਰਾਲਾ ਵਿੱਚ ਬਣਾਈ ਗਈ ਅਸਥਾਈ ਜੇਲ੍ਹ ਬਾਰੇ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਜਸਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਪੁਲੀਸ ਹੁਣ ਕਿਸੇ ਨੂੰ ਵੀ ਕਰਫਿਊ ਦੀ ਉਲਘੰਣਾ ਨਹੀਂ ਕਰਨ ਦੇਵੇਗੀ ਅਤੇ ਕਰੋਨਾ ਨਿਯਮ ਤੋੜਨ ਵਾਲੇ ਅਪਰਾਧੀਆਂ ਨੂੰ ਇਸ ਜੇਲ੍ਹ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਰਾਲਾ ਵਿੱਚ ਬਣੀ ਅਸਥਾਈ ਜੇਲ੍ਹ ਦੇ ਅਨਿਲ ਕੁਮਾਰ ਐੱਸ.ਪੀ. ਖੰਨਾ ਸੁਪਰਡੈਂਟ ਨਿਯੁਕਤ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਨਿਯੁਕਤੀ ਸਹਾਇਕ ਜੇਲ੍ਹ ਸੁਪਰਡੈਂਟ ਵਜੋਂ ਕੀਤੀ ਗਈ ਹੈ।