ਪੱਤਰ ਪ੍ਰੇਰਕ
ਜਗਰਾਉਂ, 19 ਅਗਸਤ
ਕਰੋਨਾ ਮਹਾਮਾਰੀ ਦੌਰਾਨ ਸਰਕਾਰੀ ਦਫ਼ਤਰਾਂ ਨਾਲ ਸਬੰਧਿਤ ਕੰਮ ਵੀ ਬਿਮਾਰ ਹੋ ਗਏ ਜਾਪਦੇ ਹਨ। ਪਿੰਡਾਂ ਤੋਂ ਆਪਣੇ ਕੰਮਾਂ ਲਈ ਲੋਕ ਜਦੋਂ ਸਰਕਾਰੀ ਦਫ਼ਤਰਾਂ ਦਾ ਰੁਖ਼ ਕਰਦੇ ਹਨ ਤਾਂ ਉਨ੍ਹਾਂ ਨਾਲ ਕਥਿਤ ਮਾੜਾ ਸਲੂਕ ਹੁੰਦਾ ਹੈ ਜਿਵੇਂ ਬਿਮਾਰੀ ਲਈ ਊਹ ਹੀ ਜ਼ਿੰਮੇਵਾਰ ਹਨ।
ਇਸ ਸਬੰਧੀ ਨੇੜਲੇ ਪਿੰਡ ਤੋਂ ਇੱਕ ਸਰਕਾਰੀ ਦਫ਼ਤਰ ਦੇ ਸਤਾਏ ਹੋਏ ਗ਼ਰੀਬ ਬਜ਼ੁਰਗ ਨੇ ਦੱਸਿਆ ਕਿ ਦਫ਼ਤਰ ਦੇ ਮੁਲਾਜ਼ਮ ਊਸ ਦੇ ਕੰਮ ਨੂੰ ਲਟਕਾਅ ਰਹੇ ਹਨ। ਭਰੇ ਮਨ ਨਾਲ ਉਸ ਨੇ ਦੱਸਿਆ ਕਿ ਦਫ਼ਤਰਾਂ ਵਿਚ ਮੁਲਾਜ਼ਮਾਂ ਦੇ ਮੇਜ਼ ਲੋੜਬੰਦ ਲੋਕਾਂ ਦੀਆਂ ਫਾਈਲਾਂ ਦੇ ਢੇਰਾਂ ਹੇਠ ਦੱਬ ਗਏ ਹਨ। ਊਸ ਨੇ ਦੱਸਿਆ ਕਿ ਜਿਹੜਾ ਜਾਂ ਤਾਂ ਅਫ਼ਸਰ ਤੱਕ ਪਹੁੰਚ ਕਰ ਲੈਂਦਾ ਹੈ ਜਾਂ ਕਿਸੇ ਮੁਲਾਜ਼ਮਾਂ ਦੇ ਮਨ ਵਿੱਚ ਮਿਹਰ ਪੈ ਜਾਂਦੀ ਹੈ ਤਾਂ ਊਸ ਦਾ ਕੰਮ ਤਾਂ ਹੋ ਜਾਂਦਾ ਹੈ, ਦੂਜਾ ਤਾਂ ਧੱਕੇ ਖਾਂਦਾ ਫਿਰਦਾ ਰਹਿੰਦਾ ਹੈ।
ਊਸ ਨੇ ਕਿਹਾ ਕਿ ਦਫ਼ਤਰਾਂ ਵਿਚ ਊਹ ਮਾਸਕ ਤੇ ਹੱਥ ਚੰਗੀ ਤਰ੍ਹਾਂ ਧੋਹ ਕੇ ਵੀ ਜਾਂਦੇ ਹਨ ਪਰ ਫਿਰ ਊਨ੍ਹਾਂ ਨਾਲ ਇਵੇਂ ਦਾ ਵਿਹਾਰ ਕੀਤਾ ਜਾਂਦਾ ਹੈ ਜਿਵੇਂ ਊਹ ਕਰੋਨਾ ਨੂੰ ਨਾਲ ਲਈ ਫਿਰਦੇ ਹੋਣ। ਲੋਕ ਆਗੂ ਕਾਮਰੇਡ ਗੁਰਦੀਪ ਮੋਤੀ, ਡਾ. ਸੁਖਦੇਵ ਭੂੰਦੜੀ, ਨਿਰਮਲ ਸਿੰਘ, ਗੁਰਮੇਲ ਰੂੰਮੀ ਨੇ ਸਰਕਾਰ ਨੂੰ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।