ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਫਰਵਰੀ
ਲੋਕਾਂ ਦੀ ਲਾਪ੍ਰਵਾਹੀ ਦੇ ਚੱਲਦੇ ਕਰੋਨਾ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ ਤੇ ਰੋਜ਼ਾਨਾ ਕੇਸ ਵਧਣ ਲੱਗੇ ਹਨ। ਕਰੋਨਾਵਾਇਰਸ ਦੇ ਕੇਸ ਘੱਟ ਹੋਣ ਤੋਂ ਬਾਅਦ ਸਨਅਤੀ ਸ਼ਹਿਰ ਦੇ ਲੋਕ ਵੀ ਕਾਫ਼ੀ ਲਾਪ੍ਰਵਾਹ ਹੋ ਚੁੱਕੇ ਹਨ। ਜਿਸ ਤੋਂ ਬਾਅਦ ਇੱਕ ਵਾਰ ਫਿਰ ਦੂਸਰੇ ਦੌਰ ’ਚ ਕਰੋਨਾ ਵੱਧਣ ਲੱਗਿਆ ਹੈ। ਪਿਛਲੇਂ ਕੁਝ ਦਿਨਾਂ ਤੋਂ ਲਗਾਤਾਰ ਕੇਸ ਵੱਧ ਰਹੇ ਹਨ। ਸੋਮਵਾਰ ਨੂੰ ਵੀ ਸ਼ਹਿਰ ’ਚ ਕਰੋਨਾ ਦੇ 47 ਨਵੇਂ ਕੇਸ ਆਏ ਹਨ। ਜਿੰਨ੍ਹਾਂ ’ਚੋਂ 10 ਕੇਸ ਬਾਹਰੂ ਜ਼ਿਲ੍ਹਿਆਂ ਦੇ ਹਨ। ਕਰੋਨਾ ਕੇਸਾਂ ’ਚ ਲਗਾਤਾਰ ਹੋ ਰਹੇ ਵਾਧੇ ਕਾਰਨ ਪੁਲੀਸ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਕਰੋਨਾ ਨੂੰ ਲੈ ਕੇ ਸਰਕਾਰ ਦੇ ਵੱਲੋਂ ਜਾਰੀ ਹਦਾਇਤਾਂ ਦੀ ਜੇਕਰ ਲੋਕ ਪਾਲਣਾ ਨਹੀਂ ਕਰਨਗੇ ਤਾਂ ਪੁਲੀਸ ਨੂੰ ਮਜਬੂਰਨ ਹੋਰ ਸਖਤੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਮਾਸਕ ਨਾ ਪਾਉਣ ਵਾਲਿਆਂ ’ਤੇ ਵੀ ਹੁਣ ਦੁਬਾਰਾ ਸਖ਼ਤੀ ਕੀਤੀ ਜਾਵੇਗੀ।
ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਕਿ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਕੇਸ ਲਗਾਤਾਰ ਵੱਧ ਰਹੇ ਹਨ। ਇਸੇ ਦੇ ਚੱਲਦੇ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਤਹਿਤ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਕਰੋਨਾ ਵਾਇਰਸ ਦੀਆਂ ਜੋ ਹਦਾਇਤਾਂ ਹਨ, ਉਨ੍ਹਾਂ ਦਾ ਪਾਲਣ ਕਰਨ। ਜੇਕਰ ਲੋਕ ਬਾਹਰ ਜ਼ਰੂਰੀ ਕੰਮ ਹੈ ਤਾਂ ਹੀ ਨਿਕਲਣ, ਨਹੀਂ ਤਾਂ ਆਪਣੇ ਘਰਾਂ ’ਚ ਰਹਿਣ।