ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 21 ਜੁਲਾਈ
ਕਮਿਊਨਿਟੀ ਸਿਹਤ ਕੇਂਦਰ ਸੁਧਾਰ ਵਿਚ ਕੁਝ ਦਿਨ ਪਹਿਲਾਂ ਕਰੋਨਾਵਾਇਰਸ ਮਹਾਂਮਾਰੀ ਦੀ ਜਾਂਚ (ਆਰਟੀਪੀਸੀਆਰ) ਦੇ ਸੈਂਕੜੇ ਸੀਲਬੰਦ ਨਮੂਨਿਆਂ ਦੀਆਂ ਸ਼ੀਸ਼ੀਆਂ ਅਤੇ ਜਾਂਚ ਸਲਾਈਆਂ (ਪੈਥਕਿੱਟਸ) ਕੂੜੇ ਦੇ ਢੇਰ ਤੋਂ ਮਿਲੀਆਂ ਸਨ। ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ‘ਆਪ’ ਆਗੂਆਂ ਦੇ ਵਫ਼ਦ ਸਣੇ ਅੱਜ ਸਰਕਾਰੀ ਹਸਪਤਾਲ ਪਹੁੰਚੇ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਦਵਿੰਦਰ ਕੁਮਾਰ ਸੰਧੂ ਤੋਂ ਇਸ ਮਾਮਲੇ ਬਾਰੇ ਪੁੱਛ ਪੜਤਾਲ ਕੀਤੀ। ਵਫ਼ਦ ਨੇ ਉਸ ਥਾਂ ਦਾ ਵੀ ਦੌਰਾ ਕੀਤਾ ਜਿੱਥੇ ਕੂੜੇ ਦੇ ਢੇਰ ’ਤੇ ਨਮੂਨੇ ਮਿਲੇ ਸਨ।
ਐੱਸਐੱਮਓ ਡਾ. ਦਵਿੰਦਰ ਕੁਮਾਰ ਸੰਧੂ ਨੇ ਵਫ਼ਦ ਨੂੰ ਦੱਸਿਆ ਕਿ ਸਫ਼ਾਈ ਸੇਵਕ ਅਤੇ ਕੁਝ ਹੋਰ ਕਰਮਚਾਰੀਆਂ ਨੇ ਜਨਵਰੀ ਅਤੇ ਫਰਵਰੀ ਮਹੀਨੇ ਦੇ ਖ਼ਰਾਬ ਹੋਏ ਨਮੂਨਿਆਂ ਸਮੇਤ ਕੁਝ ਨਵੇਂ ਨਮੂਨੇ ਅਤੇ ਅਣਵਰਤੀਆਂ ਜਾਂਚ ਸਲਾਈਆਂ (ਪੈਥਕਿੱਟਸ) ਵੀ ਬਾਹਰ ਸੁੱਟ ਦਿੱਤੇ ਸਨ। ਵਿਧਾਇਕ ਹਾਕਮ ਸਿੰਘ ਠੇਕੇਦਾਰ ਤੇ ਵਫ਼ਦ ਨੇ ਹੋਰ ਸਿਹਤ ਕਰਮਚਾਰੀਆਂ ਨਾਲ ਵੀ ਗੱਲਬਾਤ ਕਰ ਕੇ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਉਹ ਇਸ ਬਾਰੇ ਸਿਹਤ ਮੰਤਰੀ ਚੇਤੰਨ ਸਿੰਘ ਜੌੜੇਮਾਜਰਾ ਨੂੰ ਜਾਣੂ ਕਰਵਾਉਣਗੇ।
ਜਾਂਚ ਕੇਵਲ ਵਿਭਾਗੀ ਅਧਿਕਾਰੀ ਕਰ ਸਕਦੇ ਨੇ, ਵਿਧਾਇਕ ਨਹੀਂ: ਡਾ. ਗਰਗ
ਪ੍ਰਬੰਧਕੀ ਮਾਮਲਿਆਂ ਦੇ ਜਾਣਕਾਰ ਅਤੇ ਸਾਬਕਾ ਸਿਹਤ ਅਧਿਕਾਰੀ ਡਾਕਟਰ ਪਿਆਰਾ ਲਾਲ ਗਰਗ ਨੇ ਕਿਹਾ ਕਿ ਕਿਸੇ ਵੀ ਮਾਮਲੇ ਦੀ ਜਾਂਚ ਵਿਭਾਗੀ ਅਧਿਕਾਰੀ ਹੀ ਕਰ ਸਕਦੇ ਹਨ। ਵਿਧਾਇਕ ਸਿੱਧੇ ਤੌਰ ’ਤੇ ਪ੍ਰਬੰਧਕੀ ਮਾਮਲਿਆਂ ਦੀ ਨਾ ਜਾਂਚ ਕਰ ਸਕਦੇ ਅਤੇ ਨਾ ਹੀ ਪ੍ਰਬੰਧਕੀ ਮਾਮਲਿਆਂ ਵਿਚ ਦਖ਼ਲ ਦੇ ਸਕਦੇ ਹਨ। ਵਿਧਾਨ ਸਭਾ ਦੇ ਸਪੀਕਰ ਵੱਲੋਂ ਗਠਿਤ ਕੋਈ ਕਮੇਟੀ, ਜਿਸ ਵਿੱਚ ਵਿਧਾਨਕਾਰ ਵੀ ਸ਼ਾਮਲ ਹੋਣ ਉਹ ਜਾਂਚ ਕਰ ਸਕਦੀ ਹੈ।