ਗਗਨਦੀਪ ਅਰੋੜਾ
ਲੁਧਿਆਣਾ, 11 ਅਗਸਤ
ਜ਼ਿਲ੍ਹਾ ਲੁਧਿਆਣਾ ਵਿੱਚ ਕਰੋਨਾਵਾਇਰਸ ਦੇ ਕੇਸ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਅੱਜ ਜ਼ਿਲ੍ਹੇ ’ਚ ਕਰੋਨਾਵਾਇਰਸ ਦੇ ਕੁੱਲ 34 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ’ਚ ਇੱਕ ਸਿਹਤ ਮੁਲਾਜ਼ਮ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਿਕ ਜ਼ਿਲ੍ਹੇ ਭਰ ’ਚ ਹੁਣ ਤੱਕ ਕਰੋਨਾਵਾਇਰਸ ਦੇ ਕੇਸਾਂ ਦਾ ਅੰਕੜਾ 87,401 ’ਤੇ ਢੁੱਕ ਗਿਆ ਹੈ। ਇਸ ਤੋਂ ਇਲਾਵਾ ਸਰਗਰਮ ਕੇਸਾਂ ਦੀ ਗਿਣਤੀ ਵੀ 99 ’ਤੇ ਪਹੁੰਚ ਗਈ ਹੈ। ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਹੁਣ ਪ੍ਰਸ਼ਾਸਨ ਨੇ ਮੁੜ ਤੋਂ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਕਰੋਨਾ ਕੇਸਾਂ ’ਚ ਵਾਧਾ ਹੋਣ ਤੋਂ ਪਹਿਲਾਂ ਕੇਸਾਂ ਦੀ ਲੜੀ ਨੂੰ ਤੋੜਿਆ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਬੁੱਧਵਾਰ ਨੂੰ ਜ਼ਿਲ੍ਹਾ ਲੁਧਿਆਣਾ ’ਚ ਕਰੋਨਾਵਾਇਰਸ ਦੇ ਕੁੱਲ 36 ਨਵੇਂ ਮਰੀਜ਼ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਕੇਸਾਂ ਵਿੱਚ 34 ਮਰੀਜ਼ ਲੁਧਿਆਣਾ ਨਾਲ ਸਬੰਧਤ ਹਨ ਜਦੋਂ ਕਿ 2 ਬਾਹਰਲੇ ਹਨ। ਇਸ ਤੋਂ ਇਲਾਵਾ ਕਰੋਨਾਵਾਇਰਸ ਕਾਰਨ ਅੱਜ ਕਿਸੇ ਵਿਅਕਤੀ ਦੀ ਮੌਤ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ’ਚ ਕਰੋਨਾਵਾਇਰਸ ਦੇ ਸਰਗਰਮ ਕੇਸਾਂ ਦੀ ਗਿਣਤੀ ਵਧਣ ਲੱਗੀ ਹੈ ਤੇ ਹੁਣ ਇਹ ਗਿਣਤੀ 99 ’ਤੇ ਪਹੁੰਚ ਗਈ ਹੈ। ਇਨ੍ਹਾਂ ’ਚੋਂ 61 ਨੂੰ ਘਰਾਂ ’ਚ ਇਕਾਂਤਵਾਸ ਕੀਤਾ ਗਿਆ। ਬਾਕੀਆਂ ਦਾ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਇਸ ਦੇ ਨਾਲ ਹੀ ਇੱਕ ਕਰੋਨਾ ਪੀੜਤ ਵੈਂਟੀਲੇਟਰ ’ਤੇ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਅੱਜ ਕਰੋਨਾ ਸਬੰਧੀ 5,306 ਨਮੂਨੇ ਲੈ ਕੇ ਜਾਂਚ ਲਈ ਭੇਜੇ ਹਨ। ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਟੀਕਾਕਰਨ ਛੇਤੀ ਕਰਵਾਉਣ। ਉਧਰ ਕਰੋਨਾ ਤੋਂ ਬਚਣ ਲਈ ਮਾਸਕ ਦੇ ਨਾਲ-ਨਾਲ ਵਿਅਕਤੀਗਤ ਦੂਰੀ ਦੀ ਪਾਲਣਾ ਵੀ ਜ਼ਰੂਰ ਕੀਤੀ ਜਾਵੇ।
ਪ੍ਰਸ਼ਾਸਨ ਵੱਲੋਂ ਸਕੂਲਾਂ ’ਚ ਰੋਜ਼ਾਨਾ 1500 ਨਮੂਨੇ ਲੈਣ ਦੇ ਹੁਕਮ
ਲੁਧਿਆਣਾ ਵਿੱਚ ਦੋ ਸਕੂਲਾਂ ਦੇ 20 ਵਿਦਿਆਰਥੀਆਂ ਦੇ ਕਰੋਨਾ ਪਾਜ਼ੇਟਿਵ ਆਉਣ ਤੋਂ ਇੱਕ ਦਿਨ ਬਾਅਦ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਿੱਟਰੀ ਰੋਡ ਵਿੱਚ ਸੈਂਪਲਿੰਗ ਮੁਹਿੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸਿਹਤ ਵਿਭਾਗ ਨੂੰ ਸਕੂਲਾਂ ਦੀ ਟੈਸਟਿੰਗ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਅਤੇ ਰੋਜ਼ਾਨਾ 1500 ਵਿਦਿਆਰਥੀਆਂ ਦੇ ਨਮੂਨੇ ਲੈਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਅਤੇ ਐੱਸ.ਡੀ.ਐੱਮ. ਡਾ. ਵਿਨੀਤ ਕੁਮਾਰ ਦੇ ਨਾਲ ਸਕੂਲ ਪਹੁੰਚੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਸੈਂਪਲਿੰਗ ਦੀ ਤੀਬਰਤਾ ਨੂੰ ਯਕੀਨੀ ਬਣਾਉਣ ਲਈ ਟੀਮਾਂ ਦੀ ਗਿਣਤੀ 250 ਤੋਂ ਵਧਾ ਕੇ 300 ਕੀਤੀ ਜਾਵੇ ਤਾਂ ਜੋ ਸੰਭਾਵਿਤ ਕੋਵਿਡ ਕੇਸਾਂ ਦਾ ਨਮੂਨਾ ਲੈਣ, ਜਲਦ ਭਾਲ ਅਤੇ ਇਕਾਂਤਵਾਸ ਕਰਕੇ ਤੁਰੰਤ ਇਲਾਜ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ 20 ਵਿਦਿਆਰਥੀ ਪਾਜ਼ੇਟਿਵ ਮਿਲੇ ਸਨ, ਉਹ ਆਸਪਾਸ ਦੇ 20 ਮੁਹੱਲਿਆਂ ਦੇ ਰਹਿਣ ਵਾਲੇ ਹਨ। ਸਿਹਤ ਵਿਭਾਗ ਦੀ ਟੀਮ ਨੂੰ ਉਨ੍ਹਾਂ ਇਲਾਕਿਆਂ ’ਚ ਜਾਂਚ ਕਰਨ ਲਈ ਕਿਹਾ ਗਿਆ ਹੈ। ਉਧਰ ਸਿਹਤ ਵਿਭਾਗ ਨੂੰ ਪ੍ਰਤੀਦਿਨ 1500 ਆਰਟੀਪੀਸੀਆਰ ਟੈਸਟ ਸਕੂਲਾਂ ’ਚ ਕਰਨ ਲਈ ਆਖਿਆ ਗਿਆ ਹੈ। ਕਿਉਂਕਿ ਇਸ ਦਾ ਨਤੀਜਾ ਜ਼ਿਆਦਾ ਚੰਗਾ ਆਉਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ‘ਕੋਵਾ’ ਐਪ ’ਤੇ ਪਾਜ਼ੇਟਿਵ ਮਾਮਲਿਆਂ ਦੇ ਡਾਟਾ ਨੂੰ ਤੁਰੰਤ ਅਪਲੋਡ ਕਰਨ ਲਈ ਵੀ ਕਿਹਾ, ਜੋ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਦੇ ਨਮੂਨੇ ਛੇਤੀ ਤੋਂ ਛੇਤੀ ਇਕੱਤਰ ਕਰਨ ਵਿੱਚ ਰੈਪਿਡ ਰਿਸਪਾਂਸ ਟੀਮਾਂ (ਆਰ.ਆਰ.ਟੀ.) ਦਾ ਸਹਿਯੋਗ ਕਰੇਗੀ ਅਤੇ ਪ੍ਰਸ਼ਾਸਨ ਨੂੰ ਇਸ ਮਹਾਮਾਰੀ ’ਤੇ ਕਾਬੂ ਪਾਉਣ ਲਈ ਵੀ ਸਹਾਈ ਸਿੱਧ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰਾਂ (ਡੀ.ਈ.ਓਜ਼) ਨੂੰ ਆਦੇਸ਼ ਦਿੱਤੇ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਿਰਫ ਉਸੇ ਸਟਾਫ ਵੱਲੋਂ ਹੀ ਪੜ੍ਹਾਇਆ ਜਾਵੇ ਜਿਸ ਦੇ ਵੈਕਸੀਨੇਸ਼ਨ ਦੇ ਦੋਵੇਂ ਟੀਕੇ ਲੱਗੇ ਹੋਣ ਅਤੇ ਨਾਲ ਹੀ ਮਾਸਕਿੰਗ ਅਤੇ ਸਮਾਜਿਕ ਦੂਰੀ ਦੀ ਵੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।