ਗਗਨਦੀਪ ਅਰੋੜਾ
ਲੁਧਿਆਣਾ, 13 ਜੁਲਾਈ
ਜ਼ਿਲ੍ਹਾ ਪ੍ਰਸਾਸ਼ਨਿਕ ਅਧਿਕਾਰੀਆਂ ’ਚ ਵਧਦੇ ਜਾ ਰਹੇ ਕਰੋਨਾ ਪ੍ਰਭਾਵ ਨੂੰ ਦੇਖਦੇ ਹੋਏ ਸੋਮਵਾਰ ਨੂੰ ਜ਼ਿਲ੍ਹਾ ਡੀਸੀ ਦਫ਼ਤਰ ਤੇ ਆਰਟੀਏ ਦਫ਼ਤਰ ’ਚ ਸਿੱਧੇ ਤੌਰ ’ਤੇ ਪਬਲਿਕ ਡੀਲਿੰਗ ਨੂੰ ਬੰਦ ਕਰ ਦਿੱਤਾ ਹੈ, ਹੁਣ ਕੋਈ ਵੀ ਵਿਅਕਤੀ ਕਿਸੇ ਵੀ ਪ੍ਰਸਾਸ਼ਨਿਕ ਅਧਿਕਾਰੀ ਨਾਲ ਸਿੱਧੇ ਤੌਰ ’ਤੇ ਮੁਲਾਕਾਤ ਨਹੀਂ ਕਰ ਸਕੇਗਾ। ਜੇ ਉਨ੍ਹਾਂ ਨੇ ਕਿਸੇ ਅਧਿਕਾਰੀ ਨੂੰ ਕੋਈ ਸ਼ਿਕਾਇਤ ਦੇਣੀ ਹੈ ਤਾਂ ਉਸ ਦੇ ਲਈ ਦਫ਼ਤਰ ਦੇ ਬਾਹਰ ਲੱਗੇ ਸ਼ਿਕਾਇਤ ਬਾਕਸ ’ਚ ਉਹ ਸ਼ਿਕਾਇਤ ਪਾ ਸਕਦੇ ਹਨ। ਇਸ ਤੋਂ ਇਲਾਵਾ ਮੇਲ ਤੇ ਵਟਸਐਪ ਰਾਹੀਂ ਸ਼ਿਕਾਇਤ ਭੇਜਣ ਦੀ ਸਹੂਲਤ ਦੇਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲੀਸ ਕਮਿਸ਼ਨਰ ਦਫ਼ਤਰ ’ਚ ਪਬਲਿਕ ਡੀਲਿੰਗ ਨੂੰ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਦੌਰਾਨ ਕਰੋਨਾ ਵਾਇਰਸ ਤੇਜ਼ੀ ਨਾਲ ਜ਼ਿਲ੍ਹਾ ਪ੍ਰਸਾਸ਼ਨਿਕ ਅਧਿਕਾਰੀਆਂ ’ਚ ਫੈਲਿਆ ਹੈ। ਇੱਕ ਤੋਂ ਬਾਅਦ ਇੱਕ ਪੰਜ ਅਫ਼ਸਰ ਕਰੋਨਾ ਪਾਜ਼ੇਟਿਵ ਆ ਚੁੱਕੇ ਹਨ। ਇਸ ਤੋਂ ਬਾਅਦ ਕਈ ਅਧਿਕਾਰੀਆਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਸੋਮਵਾਰ ਨੂੰ ਇਹ ਫੈਸਲਾ ਲਿਆ ਗਿਆ ਕਿ ਪਬਲਿਕ ਡੀਲਿੰਗ ਨੂੰ ਬੰਦ ਕਰ ਦਿੱਤਾ ਜਾਵੇ। ਡੀਸੀ ਦਫ਼ਤਰ ਤੇ ਆਰਟੀਏ ਦਫ਼ਤਰ ’ਚ ਪਬਲਿਕ ਡੀਲਿੰਗ ਨੂੰ ਹੁਣ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ’ਚ ਜੇ ਕਰੋਨਾਵਾਇਰਸ ਦੇ ਫੈਲਾਅ ’ਚ ਕੋਈ ਕਮੀ ਨਾ ਆਈ ਤਾਂ ਕੁਝ ਹੋਰ ਵਿਭਾਗਾਂ ’ਚ ਵੀ ਪਬਲਿਕ ਡੀਲਿੰਗ ਬੰਦ ਕੀਤੀ ਜਾ ਸਕਦੀ ਹੈ। ਇਸ ਦਾ ਮਕਸਦ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣਾ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਹੁਣ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਜਾਂ ਫਿਰ ਮੰਗ ਪੱਤਰ ਦਫ਼ਤਰ ਦੇ ਬਾਹਰ ਲੱਗੇ ਸ਼ਿਕਾਇਤ ਬਕਸੇ ’ਚ ਪਾ ਕੇ ਜਾ ਸਕਦਾ ਹੈ। ਊਨ੍ਹਾਂ ਕਿਹਾ ਕਿ ਇਸ ਸਬੰਧੀ ਆਨਲਾਈਨ ਈਮੇਲ ਜਾਂ ਵਟਸਐਪ ਨੂੰ ਜਾਰੀ ਕੀਤਾ ਜਾਵੇਗਾ।
ਕਰੋਨਾ ਕਾਰਨ ਨਿਗਮ ਦੇ ਸਫ਼ਾਈ ਕਰਮਚਾਰੀ ਦੀ ਮੌਤ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਨਗਰ ਨਿਗਮ ਦੇ ਸਫਾਈ ਸੇਵਕ ਦਾ ਅੱਜ ਸਾਹ ਰੁੱਕ ਜਾਣ ਕਾਰਨ ਉਸ ਦੀ ਮੌਤ ਹੋ ਗਈ, ਜਿਸ ਦੀ ਮੌਤ ਤੋਂ ਬਾਅਦ ਲਿਆ ਕਰੋਨਾ ਟੈਸਟ ਵੀ ਹੁਣ ਪਾਜ਼ੇਟਿਵ ਆ ਗਿਆ ਹੈ। ਇਸ ਤੋਂ ਬਾਅਦ ਹੁਣ ਨਗਰ ਨਿਗਮ ਦਫ਼ਤਰ ਵਿਚ ਭਾਜੜਾਂ ਪਈਆਂ ਹੋਈਆਂ ਹਨ, ਉਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ। ਸ਼ਹਿਰ ਦੇ 40 ਨੰਬਰ ਵਾਰਡ ਦੇ ਪੈਂਦੇ ਕਬੀਰ ਨਗਰ ਇਲਾਕੇ ਵਿਚ ਸਫ਼ਾਈ ਸੇਵਕ ਦੀ ਡਿਊਟੀ ਸੀ, ਜਿੱਥੇ ਉਸ ਨੇ ਸਾਹ ਲੈਣ ਵਿਚ ਦਿੱਕਤ ਦੀ ਗੱਲ ਕਹੀ ਤਾਂ ਸੈਂਟਰੀ ਸੁਪਰਵਾਈਜ਼ਰ ਨੇ ਉਸ ਨੂੰ ਘਰ ਭੇਜ ਦਿੱਤਾ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸੀਐੱਮਸੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਜਿੱਥੇ ਡਾਕਟਰਾਂ ਨੇ ਕਰੋਨਾ ਦਾ ਖ਼ਦਸ਼ਾ ਦੇਖਦੇ ਹੋਏ ਉਸ ਦਾ ਸਿਵਲ ਹਸਪਤਾਲ ਵਿਚ ਕਰੋਨਾ ਟੈਸਟ ਕਰਵਾ ਦਿੱਤਾ। ਸਿਵਲ ਹਸਪਤਾਲ ਵਿਚ ਜਾਂਦੇ ਸਮੇਂ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ।