ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੂਨ
ਖਾਲੀ ਖਜ਼ਾਨੇ ਨੂੰ ਭਰਨ ਦੇ ਲਈ ਹੁਣ ਨਗਰ ਨਿਗਮ ਦੇ ਅਫ਼ਸਰ ਆਪਣੀ ਰਿਕਵਰੀ ਨੂੰ ਤੇਜ਼ ਕਰਨਗੇ। ਜਿਸਦੇ ਲਈ ਨਗਰ ਨਿਗਮ ਸੀ ਜ਼ੋਨ ਵਿੱਚ 10 ਟੀਮਾਂ ਤਿਆਰ ਕੀਤੀਆਂ ਗਈਆਂ ਹਨ, ਇਹ ਟੀਮਾਂ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਸੀਵਰੇਜ, ਪਾਣੀ ਦੇ ਬਿੱਲ ਤੇ ਪ੍ਰਾਪਰਟੀ ਟੈਕਸ ਦੇ ਡਿਫ਼ਾਲਟਰਾਂ ਕੋਲੋਂ ਬਿੱਲਾਂ ਦੀ ਰਿਕਵਰੀ ਕਰਨਗੇ। ਜੋ ਪੈਸੇ ਨਹੀਂ ਦਵੇਗਾ, ਉਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।
ਇਸ ਸਬੰਧ ਵਿੱਚ ਨਗਰ ਨਿਗਮ ਜ਼ੋਨ-ਸੀ ਜ਼ੋਨਲ ਕਮਿਸ਼ਨਰ ਪੂਨਮਪ੍ਰੀਤ ਕੌਰ ਨੇ ਪੂਰੇ ਸਟਾਫ਼ ਨਾਲ ਮੀਟਿੰਗ ਕੀਤੀ। ਇਸ ’ਚ ਨਿਗਮ ਮੁਲਾਜ਼ਮਾਂ ਨੂੰ ਸਾਫ਼ ਹੁਕਮ ਜਾਰੀ ਕੀਤੇ ਗਏ ਕਿ ਉਹ ਸੀਵਰੇਜ ਪਾਣੀ ਤੇ ਪ੍ਰਾਪਰਟੀ ਟੈਕਸ ਦੀ ਰਿਕਵਰੀ ਨੂੰ ਤੇਜ਼ ਕਰਨ। ਉਨ੍ਹਾਂ ਸੀਵਰੇਜ ਪਾਣੀ ਤੇ ਡਿਸਪੋਜ਼ਲ ਦੀ ਰਿਕਵਰੀ ਲਈ 7 ਟੀਮਾਂ ਨੂੰ ਮੈਦਾਨ ’ਚ ਉਤਾਰਿਆ ਹੈ। ਸਾਰੀਆਂ ਟੀਮਾਂ ਨੂੰ ਰਿਕਵਰੀ ਲਈ ਟੀਚਾ ਦਿੱਤਾ ਗਿਆ ਹੈ। ਉਧਰ ਪ੍ਰਾਪਰਟੀ ਟੈਕਸ ਦੀ ਰਿਟਰਨ ਜਾਂਚ ਤੇ ਰਿਕਵਰੀ ਲਈ ਵੱਖ ਤੋਂ ਤਿੰਨ ਟੀਮਾਂ ਬਣੀਆਂ ਗਈਆਂ ਹਨ। ਉਨ੍ਹਾਂ ਮੁਲਾਜ਼ਮਾਂ ਨੂੰ ਕਿਹਾ ਕਿ ਰਿਕਵਰੀ ਦੇ ਨਾਲ ਉਹ ਲੋਕਾਂ ਨੂੰ ਬਿੱਲ ਤੇ ਟੈਕਸ ਜਮ੍ਹਾਂ ਕਰਵਾਉਣ ਲਈ ਜਾਗਰੂਕ ਕਰਨ ਤਾਂ ਕਿ ਲੋਕ ਖੁਦ ਬਿੱਲ ਭਰਨ ਲਈ ਅੱਗੇ ਆਉਣ।
ਦੁਕਾਨਦਾਰਾਂ ਨੇ ਨਹੀਂ ਭਰਿਆ ਪ੍ਰਾਪਰਟੀ ਟੈਕਸ
ਸੁਪਰਡੈਂਟ ਵਿਵੇਕ ਵਰਮਾ ਨੇ ਦੱਸਿਆ ਕਿ ਨਿਗਮ ਨੇ 302 ਦੁਕਾਨਾਂ ਕਿਰਾਏ ’ਤੇ ਦਿੱਤੀਆਂ ਹਨ। ਇਨ੍ਹਾਂ ’ਚੋਂ ਕਿਸੇ ਨੇ ਵੀ ਹਾਲੇ ਤੱਕ ਪ੍ਰਾਪਰਟੀ ਟੈਕਸ ਨਹੀਂ ਅਦਾ ਕੀਤਾ। ਕਈ ਦੁਕਾਨਦਾਰਾਂ ਨੇ ਤਾਂ 2 ਸਾਲ ਤੋਂ ਲੈ ਕੇ 8 ਸਾਲ ਤੱਕ ਟੈਕਸ ਨਹੀਂ ਦਿੱਤਾ ਹੈ। ਨਿਗਮ ਨੇ ਕਰੀਬ 5.19 ਕਰੋੜ ਰੁਪਏ ਬਕਾਇਆ ਲੈਣਾ ਹੈ। ਇਸ ’ਚੋਂ 197 ਦੁਕਾਨਦਾਰਾਂ ਨੂੰ ਨੋਟਿਸ ਵੀ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਦਿੱਤਾ ਸਮਾਂ ਵੀ ਖਤਮ ਹੋ ਚੁੱਕਿਆ ਹੈ। ਹੋਰ ਦੁਕਾਨਦਾਰਾਂ ਨੂੰ ਵੀ ਨੋਟਿਸ ਭੇਜਣ ਦਾ ਕੰਮ ਚੱਲ ਰਿਹਾ ਹੈ। ਜਿਨ੍ਹਾਂ ਦੇ ਨੋਟਿਸ ਦਾ ਸਮਾਂ ਖਤਮ ਹੋ ਚੁੱਕਿਆ ਹੈ, ਉਨ੍ਹਾਂ ’ਤੇ ਕਾਰਵਾਈ ਲਈ ਉਚ ਅਧਿਕਾਰੀਆਂ ਤੋਂ ਮਨਜ਼ੂਰੀ ਲੈਣ ਦੀ ਕਾਰਵਾਈ ਚੱਲ ਰਹੀ ਹੈ।