ਗਗਨਦੀਪ ਅਰੋੜਾ
ਲੁਧਿਆਣਾ, 27 ਅਗਸਤ
ਨਗਰ ਨਿਗਮ ਦੇ ਅਫ਼ਸਰਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਵਾਲੇ ਨਗਰ ਨਿਗਮ ਦੇ ਠੇਕੇਦਾਰਾਂ ਖ਼ਿਲਾਫ਼ ਹੁਣ ਸੱਤਾਧਾਰੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ-ਜੀ ’ਚ ਚੱਲ ਰਹੇ ਸੜਕ ਬਣਾਉਣ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਅਚਣਚੇਤ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਸੁਬਰਾਮਨੀਅਮ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਟਰੱਸਟ ਦੇ ਅਧਿਕਾਰੀ ਵੀ ਹਾਜ਼ਰ ਸਨ। ਚੇਅਰਮੈਨ ਨੇ ਇਸ ਦੌਰਾਨ ਸੜਕਾਂ ਬਣਾਉਣ ਸਬੰਧੀ ਅਫ਼ਸਰਾਂ ਤੋਂ ਜਾਣਕਾਰੀ ਲਈ। ਕੰਮ ਦੀ ਰਫ਼ਤਾਰ ਦੇਖ ਕੇ ਉਨ੍ਹਾਂ ਨੇ ਅਫ਼ਸਰਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ। ਮੌਕੇ ’ਤੇ ਚੇਅਰਮੈਨ ਨੇ ਮਾਪਦੰਡਾਂ ਦਾ ਪਾਲਣ ਨਾ ਕਰਨ ’ਤੇ ਤੁਰੰਤ ਕੰਮ ਰੁਕਵਾ ਦਿੱਤਾ। ਚੇਅਰਮੈਨ ਨੇ ਸਾਫ਼ ਕਿਹਾ ਕਿ ਕੰਮ ’ਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਘਟੀਆ ਗੁਣਵੱਤਾ ਦਾ ਕੰਮ ਕਿਸੇ ਵੀ ਕੀਮਤ ’ਤੇ ਬਰਦਾਸ਼ਤਯੋਗ ਨਹੀਂ ਹੈ। ਇਸ ਤਰ੍ਹਾਂ ਦੀ ਸ਼ਿਕਾਇਤ ਮਿਲਣ ’ਤੇ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਦੇ ਜੀ-ਬਲਾਕ ’ਚ ਸੜਕਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਕੰਮ ’ਚ ਕੁਤਾਹੀ ਤੇ ਸੜਕ ਬਣਾਉਣ ’ਚ ਗੜਬੜੀ ਦੀ ਸ਼ਿਕਾਇਤ ਟਰੱਸਟ ਕੋਲ ਕੀਤੀ ਗਈ ਸੀ। ਉਸ ਦੀ ਜਾਂਚ ਲਈ ਸ਼ੁੱਕਰਵਾਰ ਨੂੰ ਚੇਅਰਮੈਨ ਰਮਨ ਸੁਬਰਾਮਨੀਅਮ ਖ਼ੁਦ ਐਸਬੀਐਸ ਨਗਰ ਪੁੱਜੇ। ਚੇਅਰਮੈਨ ਨੇ ਜਾਂਚ ਤੋਂ ਬਾਅਦ ਘਟੀਆ ਤੇ ਖ਼ਰਾਬ ਸਮੱਗਰੀ ਸਣੇ ਪ੍ਰੋਟੋਕਾਲ ਦਾ ਪਾਲਣ ਨਾ ਕਰਨ ’ਤੇ ਕੁਝ ਥਾਂਵਾਂ ’ਤੇ ਕੰਮ ਬੰਦ ਕਰਵਾ ਦਿੱਤਾ। ਰਮਨ ਸੁਬਰਾਮਨੀਅਮ ਨੇ ਕਿਹਾ ਕਿ ਮਾਪਦੰਡਾਂ ਦੀ ਪਾਲਣਾ ਨਾ ਕਰਨ ਵਾਲੇ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਸਬੰਧੀ ਕੰਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਦੀ ਅਦਾਇਗੀ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਦੋਂ ਤੱਕ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਮਾਹਿਰਾਂ ਵੱਲੋਂ ਸੜਕ ਬਣਾਉਣ ਨੂੰ ਲੈ ਕੇ ਗੁਣਵੱਤਾ ਰਿਪੋਰਟ ਨਹੀਂ ਆਉਂਦੀ, ਉਦੋਂ ਤੱਕ ਕੰਮ ਨਹੀਂ ਕਰਵਾਇਆ ਜਾਵੇਗਾ। ਚੇਅਰਮੈਨ ਨੇ ਕਿਹਾ ਕਿ ਠੇਕੇਦਾਰਾਂ ਨੂੰ ਮੌਕੇ ’ਤੇ ਬੁਲਾਇਆ ਗਿਆ ਸੀ, ਪਰ ਉਹ ਉੱਥੇ ਨਹੀਂ ਪੁੱਜਿਆ।
ਸ੍ਰੀ ਰਮਨ ਨੇ ਕਿਹਾ ਕਿ ਸ਼ਹਿਰ ’ਚ ਜੰਗੀ ਪੱਧਰ ’ਤੇ ਵਿਕਾਸ ਕਾਰਜ ਚੱਲ ਰਹੇ ਹਨ। ਟਰੱਸਟ ਦਾ ਫੋਕਸ ਮੁੱਢਲੀਆਂ ਸਹੂਲਤਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਵਧੀਆ ਢੰਗ ਨਾਲ ਨੇਪਰੇ ਚਾੜ੍ਹਨਾ ਹੈ। ਦੱਸ ਦਈਏ ਕਿ ਇੱਥੇ ਕੰਮ ਕਰਨ ਵਾਲਾ ਠੇਕੇਦਾਰ ਉਹੀ ਠੇਕੇਦਾਰ ਹੈ, ਜੋ ਹੌਟ ਮਿਕਸ ਵੈੱਲਫੇਅਰ ਸੁਸਾਇਟੀ ਦੇ ਝੰਡੇ ਥੱਲੇ ਹੜਤਾਲ ’ਤੇ ਗਏ ਹੋਏ ਹਨ।