ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 4 ਮਈ
ਇਲਾਕੇ ਦੀਆਂ ਸ਼ਹਿਰੀ ਸਥਾਨਕ ਇਕਾਈਆਂ ਬੀਤੇ ਲੰਮੇ ਸਮੇਂ ਤੋਂ ਆਰਥਿਕ ਤੰਗੀ ਨਾਲ ਜੂਝਦੀਆਂ ਆ ਰਹੀਆਂ ਹਨ ਪਰ ਜੋ ਪੈਸਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਆਪਣੇ ਖਪਤਕਾਰਾਂ ਤੋਂ ਮਿਉਂਸਿਪਲ ਸੈੱਸ ਦੇ ਨਾਂ ’ਤੇ ਇਕੱਠਾ ਕਰਦੀ ਆ ਰਹੀ ਹੈ ਉਹ ਇਨ੍ਹਾਂ ਨੂੰ ਨਹੀਂ ਮਿਲਿਆ। ਹਾਲ ਹੀ ਵਿੱਚ ਪਾਸ ਕੀਤੇ ਗਏ ਬਜਟਾਂ ਦੌਰਾਨ ਇੱਕ ਵਾਰ ਫੇਰ ਇਨ੍ਹਾਂ ਇਕਾਈਆਂ ਨੇ ਕਰੋੜਾਂ ਰੁਪਏ ਦੀ ਆਮਦਨ ਇਸ ਆਸ ਨਾਲ ਮਿੱਥ ਲਈ ਹੈ ਕਿ ਦਿਨੋਂ ਦਿਨ ਆਮ ਲੋਕਾਂ ਦੀ ਬਿਜਲੀ ਦੀ ਖਪਤ ਪਹਿਲਾਂ ਨਾਲੋਂ ਵਧ ਰਹੀ ਹੈ। ਜੇ ਸਿਰਫ਼ ਹਾਲ ਹੀ ਵਿੱਚ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਰਹਿਨੁਮਾਈ ਅਤੇ ਕੌਂਸਲਰ ਵਿਕਾਸ ਟੰਡਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਗੱਲ ਕੀਤੀ ਜਾਵੇ ਤਾਂ ਲੰਘੇ ਸਾਲ 2021-22 ਲਈ ਨਗਰ ਕੌਂਸਲ ਅਹਿਮਦਗੜ੍ਹ ਨੇ 110 ਲੱਖ ਰੁਪਏ ਦਾ ਮਿਉਂਸਿਪਲ ਸੈੱਸ ਦਾ ਟੀਚਾ ਰੱਖਿਆ ਸੀ ਜਿਸ ਵਿੱਚੋਂ ਇੱਕ ਧੇਲਾ ਵੀ ਪਾਵਰ ਕਾਰਪੋਰੇਸ਼ਨ ਕੋਲੋਂ ਨਹੀਂ ਮਿਲਿਆ। ਹੁਣ ਇਕ ਵਾਰ ਫੇਰ ਇੰਨੀ ਹੀ ਰਕਮ 2022-23 ਦੌਰਾਨ ਪ੍ਰਾਪਤ ਹੋਣ ਦਾ ਬਜਟ ਬਣਾਇਆ ਗਿਆ ਹੈ। ਨਗਰ ਕੌਂਸਲ ਅਹਿਮਦਗੜ੍ਹ ਦੇ ਕਾਰਜਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਨੇ ਦੱਸਿਆ ਕਿ ਸੂਬੇ ਵਿੱਚ ਕਿਸੇ ਵੀ ਨਗਰ ਕੌਂਸਲ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪਣੇ ਸ਼ਹਿਰੀ ਖਪਤਕਾਰਾਂ ਕੋਲੋਂ ਇਕੱਠੀ ਕਰੋੜਾਂ ਰੁਪਏ ਦੀ ਮਿਉਂਸਿਪਲ ਸੈੱਸ ਦੀ ਰਕਮ ਅਦਾ ਨਹੀਂ ਕੀਤੀ ਗਈ।
ਇੱਕ ਤੋਂ ਵੱਧ ਨਗਰ ਕੌਂਸਲਾਂ ਦਾ ਇੱਕੋ ਵੇਲੇ ਚਾਰਜ ਸੰਭਾਲਦੇ ਰਹੇ ਸ੍ਰੀ ਵਧਵਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਖੁਦ ਕਈ ਪੱਤਰ ਸਬੰਧਤ ਅਧਿਕਾਰੀਆਂ ਨੂੰ ਲਿਖੇ ਪਰ ਕਿਸੇ ਦਾ ਜਵਾਬ ਦੇਣ ਦੀ ਵੀ ਪਾਵਰ ਕਾਰਪੋਰੇਸ਼ਨ ਅਧਿਕਾਰੀ ਖੇਚਲ ਨਹੀਂ ਕਰਦੇ। ਹੁਣ ਤੱਕ ਨਗਰ ਕੌਂਸਲ ਦਾ ਕਰੀਬ ਡੇਢ ਕਰੋੜ ਰੁਪਏ ਬਕਾਇਆ ਹੋਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਵੱਖ-ਵੱਖ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੇ ਆਪਣੇ ਇਲਾਕੇ ਦੇ ਨੁਮਾਇੰਦਿਆਂ ਰਾਹੀਂ ਮਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਆਸ ਹੈ ਕਿ ਜਲਦੀ ਹੀ ਕਾਰਪੋਰੇਸ਼ਨ ਨੂੰ ਸਾਰੀਆਂ ਇਕਾਈਆਂ ਦੀ ਬਣਦੀ ਰਕਮ ਅਦਾ ਕਰਨ ਲਈ ਕਿਹਾ ਜਾਵੇਗਾ।