ਪੱਤਰ ਪ੍ਰੇਰਕ
ਜਗਰਾਉਂ, 7 ਫਰਵਰੀ
ਨਗਰ ਕੌਂਸਲ ਚੋਣਾਂ ਦੇ ਮੈਦਾਨ ’ਚ ਨਿੱਤਰੇ 96 ਉਮੀਦਵਾਰਾਂ ਨੇ ਆਪਣੇ-ਆਪਣੇ ਵਾਰਡਾਂ ’ਚ ਘਰ-ਘਰ ਪਹੁੰਚ ਕਰ ਲਈ ਹੈ। ਕਾਂਗਰਸ ਦੀ ਟਿਕਟ ’ਤੇ ਵਾਰਡ ਨੰਬਰ 22 ਅਤੇ 18 ਤੋਂ ਚੋਣ ਲੜ ਰਹੇ ਦੋ ਸਕੇ ਭਰਾਵਾਂ ਕਾਮਰੇਡ ਰਵਿੰਦਰਪਾਲ ਰਾਜੂ ਅਤੇ ਜਤਿੰਦਰ ਰਾਣਾ ਨੇ ਆਪਣੇ-ਆਪਣੇ ਵਾਰਡਾਂ ’ਚ ਚੋਣ ਪ੍ਰਚਾਰ ਸਿਖਰਾਂ ’ਤੇ ਪਹੁੰਚਾ ਦਿੱਤਾ ਹੈ। ਦੋਵੇਂ ਭਰਾ ਲੋਕਾਂ ਨਾਲ ਪਹਿਲਾਂ ਕੀਤੇ ਵਾਅਦੇ ਵਫਾ ਕਰਨ ਅਤੇ ਹੁਣ ਦੁਬਾਰਾ ਜਿੱਤ ਉਪਰੰਤ ਫਿਰ ਵਿਕਾਸ ਦੀ ਹਨੇਰੀ ਲਿਆਉਣ ਦੇ ਮੁੱਦਿਆਂ ’ਤੇ ਚੋਣ ਮੈਦਾਨ ’ਚ ਹਨ। ਇਸੇ ਤਰ੍ਹਾਂ ਕੁੱਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਕਾਂਗਰਸ ਪਾਰਟੀ ਦਾ ਪੱਲਾ ਫੜਨ ਵਾਲੇ ਰਜਿੰਦਰ ਕੌਰ ਠੁਕਰਾਲ ਜੋ ਕਿ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਦੇ ਨਜ਼ਦੀਕੀ ਸਨ, ਦੀ ਸਥਿਤੀ ਪਿਛਲੀਆਂ ਚੋਣਾਂ ਨਾਲੋਂ ਡਾਵਾਂਡੋਲ ਹੈ ਜਦੋਂਕਿ ਉਨ੍ਹਾਂ ਦੀ ਮੁੱਖ ਵਿਰੋਧੀ ਬੀਬੀ ਅਮਰਜੀਤ ਕੌਰ(ਪ੍ਰਿੰਸੀਪਲ) ਦੇ ਚੋਣ ਪ੍ਰਚਾਰ ਕਾਫਲਿਆਂ ’ਚ ਵੋਟਰਾਂ ਦੀ ਗਿਣਤੀ ਲਗਾਤਰ ਵੱਧ ਰਹੀ ਹੈ। ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਉਮੀਦਵਾਰਾਂ ਦੇ ਦਫਤਰਾਂ ’ਤੇ ਟਾਵਾਂ ਟੱਲਾ ਹਮਾਇਤੀ ਦੇਖਣ ਨੂੰ ਮਿਲ ਰਹੇ ਹਨ। ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀਆਂ ਨੂੰ ਬਰਾਬਰ ਟੱਕਰ ਦੇ ਰਹੀ ਹੈ। ਕਾਂਗਰਸੀ ਉਮੀਦਵਾਰ ਅਨੀਤਾ ਸੱਭਰਵਾਲ ਵੱਲੋਂ ਵੀ ਘਰ ਘਰ ਪਹੁੰਚ ਕੀਤੀ ਜਾ ਰਹੀ ਹੈ। ਕਿਸਾਨੀ ਸੰਘਰਸ਼ ਦੇ ਚੱਲਦਿਆਂ ਰਾਜਨੀਤਿਕ ਪਾਰਟੀਆਂ ਨੂੰ ਵੋਟਰਾਂ ਦੇ ਸਿੱਧੇ ਸਵਾਲਾਂ ਦੇ ਜਵਾਬ ਵੀ ਦੇਣੇ ਪੈ ਰਹੇ ਹਨ। ਸ਼ਹਿਰ ਦੇ ਹਰ ਗਲੀ- ਮੁਹੱਲੇ ’ਚ ਰੰਗ ਬਿਰੰਗੇ ਝੰਡਿਆਂ ਪੋਸਟਰਾਂ ਦੀ ਭਰਮਾਰ ਹੈ। ਆਜ਼ਾਦ ਉਮੀਦਵਾਰ ਵੀ ਪੂਰੀ ਤਰ੍ਹਾਂ ਡਟੇ ਹੋਏ ਹਨ ।