ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਦਸੰਬਰ
ਸ਼ਹੀਦ ਭਗਤ ਸੱਭਿਆਚਾਰ ਮੰਚ ਲੁਧਿਆਣਾ ਵੱਲੋਂ ਕਮਲੇਸ਼ ਕੁਮਾਰੀ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਤੀਜਾ ਕਵੀ ਦਰਬਾਰ ਪੰਜਾਬੀ ਭਵਨ ਲੁਧਿਆਣਾ ਵਿਚ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਕਮਲੇਸ਼ ਕੌਰ, ਪ੍ਰੋ. ਜਗਮੋਹਨ ਸਿੰਘ, ਰਮਨਜੀਤ ਸੰਧੂ ਅਤੇ ਸੁਖਵਿੰਦਰ ਸਿੰਘ ਲੀਲ੍ਹ ਨੇ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਰਾਜ ਕੁਮਾਰ ਨੇ ਗੀਤ ਗਾ ਕੇ ਕੀਤੀ। ਰਮਨਜੀਤ ਸੰਧੂ ਨੇ ਸ਼ਹੀਦ ਭਗਤ ਸਿੰਘ ਸੱਭਿਆਚਾਰਕ ਮੰਚ ਦੇ ਉਦੇਸ਼ ਅਤੇ ਕੰਮਕਾਰਾਂ ਬਾਬਤ ਦੱਸਿਆ। ਮੰਚ ਦੇ ਕਨਵੀਨਰ ਸੁਖਵਿੰਦਰ ਲੀਲ੍ਹ ਨੇ ਲੱਚਰ ਸੱਭਿਆਚਾਰ ਦੀ ਥਾਂ ਅਗਾਂਹ ਵਧੂ ਸੱਭਿਆਚਾਰ ਉਸਾਰਨ ਦਾ ਸੱਦਾ ਦਿੱਤਾ ਤੇ ਔਰਤਾਂ ਦੀ ਵੱਡੀ ਭੂਮਿਕਾ ਨਿਭਾਉਣ ਦੀ ਗੱਲ ਆਖੀ।
ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਪ੍ਰੋ. ਜਗਮੋਹਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਕਮਜ਼ੋਰੀਆਂ ਨੂੰ ਪਛਾਣ ਕੇ ਉਨ੍ਹਾਂ ਉੱਤੇ ਕਾਬੂ ਪਾਉਣਾ ਹੀ ਬਹਾਦਰੀ ਹੈ। ਉਨ੍ਹਾਂ ਸਿਹਤ ਅਤੇ ਸਿੱਖਿਆ ਨੂੰ ਤਰਜ਼ੀਹ ਬਣਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਉਦਾਹਰਨਾਂ ਸਣੇ ਉਸਾਰੂ ਸੱਭਿਆਚਾਰ ਦੀ ਮਹੱਤਤਾ ਸਮਝਾਈ।
ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਤਰਲੋਚਨ ਲੋਚੀ, ਕਰਮਜੀਤ ਗਰੇਵਾਲ, ਸੁਖਦੇਵ ਗਹਠੂਰੀਆ, ਭਗਵਾਨ ਢਿੱਲੋਂ, ਹਰਬੰਸ ਮਾਲਵਾ, ਰਾਜ ਕੁਮਾਰ, ਜਤਿੰਦਰ ਮਲਕ, ਪ੍ਰਭਜੋਤ ਸੋਹੀ, ਨਵਕਿਰਨ, ਜਸਪ੍ਰੀਤ ਪਲਕ, ਕਮਲ ਢਿੱਲੋਂ, ਸੁਖਵਿੰਦਰ ਲੀਲ੍ਹ ਅਤੇ ਪੰਚਮ ਜੰਡਿਆਲੀ ਆਦਿ ਨੇ ਰੰਗ ਬੰਨ੍ਹਿਆ।
ਡਾ. ਸੋਮਪਾਲ ਹੀਰਾ ਨੇ ਅੱਜ ਦੇ ਸਮੇਂ ਵਿੱਚ ਮੀਡੀਆ ਦੇ ਰੋਲ ਨੂੰ ਪ੍ਰਗਟ ਕਰਦਾ ਨਾਟਕ ‘ਗੋਦੀ ਮੀਡੀਆ ਝੂਠ ਬੋਲਦਾ’ ਰਾਹੀਂ ਵਾਹ ਵਾਹ ਖੱਟੀ। ਇਸ ਮੌਕੇ ਪ੍ਰੋ. ਜਗਮੋਹਣ ਅਤੇ ਕਮਲੇਸ਼ ਕੁਮਾਰੀ ਦਾ ਸਨਮਾਨ ਕੀਤਾ ਗਿਆ। ਸਟੇਜ ਸੰਚਾਲਨ ਰਜਿੰਦਰ ਜੰਡਿਆਲੀ ਵੱਲੋਂ ਕੀਤਾ ਗਿਆ। ਇਸ ਮੌਕੇ ਬਲਕੌਰ ਸਿੰਘ, ਗੁਲਜ਼ਾਰ ਪੰਧੇਰ, ਮਲਕੀਤ ਮਾਲੜਾ, ਦਲਵੀਰ ਕਟਾਣੀ, ਸਤੀਸ ਸੱਚਦੇਵਾ, ਰਾਜ ਰਾਣੀ, ਸਵਰਨਜੀਤ ਕੌਰ ਹਾਜ਼ਰ ਸਨ।