ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਮਈ
ਸਥਾਨਕ ਨੌਘਰਾ ਵਿੱਚ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਦੇ ਸੁੰਦਰੀਕਰਨ ਦੇ ਕੰਮ ਵਿੱਚ ਹੋ ਰਹੀ ਦੇਰੀ ਵਿਰੁੱਧ ਅੱਜ ਪੰਜਵੇਂ ਦਿਨ ਵੀ ਭੁੱਖ ਹੜਤਾਲ ਜਾਰੀ ਰਹੀ।
ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਤੇ ਸ਼ਹੀਦ ਸੁਖਦੇਵ ਦੇ ਵਾਰਿਸ ਅਸ਼ੋਕ ਥਾਪਰ ਦੀ ਅਗਵਾਈ ਹੇਠ ਅੱਜ ਹਨੀ ਕੁਮਾਰ, ਰਾਕੇਸ਼ ਕੁਮਾਰ, ਮਨੋਜ ਕੁਮਾਰ ਮੌਜੀ ਅਤੇ ਸੁਨੀਲ ਠਾਕੁਰ ਭੁੱਖ ਹੜਤਾਲ ਵਿੱਚ ਸ਼ਾਮਲ ਹੋਏ। ਇਨ੍ਹਾਂ ਆਗੂਆਂ ਨੇ ਨਗਰ ਨਿਗਮ ਅਧਿਕਾਰੀਆਂ ਅਤੇ ਸਰਕਾਰ ਵੱਲੋਂ ਸ਼ਹੀਦ ਦੇ ਜੱਦੀ ਘਰ ਸਬੰਧੀ ਵਰਤੀ ਜਾ ਰਹੀ ਢਿੱਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਅਧਿਕਾਰੀ ਰਵਿੰਦਰ ਸ਼ਰਮਾ ਨੇ ਦੱਸਿਆ ਹੈ ਕਿ ਭਾਰਤ ਸਰਕਾਰ ਦੇ ਸਭਿਆਚਾਰਕ ਵਿਭਾਗ ਵੱਲੋਂ ਸ਼ਹੀਦ ਦੇ ਜਨਮ ਦਿਨ ਮੌਕੇ 15 ਮਈ ਨੂੰ ਨੌਘਰਾ ਵਿੱਚ ਸਮਾਗਮ ਕਰਵਾਇਆ ਜਾਵੇਗਾ ਜਿਸ ਤਹਿਤ ਨਾਟਕ, ਮਸ਼ਾਲ ਮਾਰਚ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਉੱਧਰ, ਸ਼ਹੀਦ ਦੇ ਵਾਰਿਸ ਅਸ਼ੋਕ ਥਾਪਰ ਨੇ ਕੇਂਦਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦਾਂ ਦੇ ਸੁਫ਼ਨਿਆਂ ਦਾ ਪੰਜਾਬ ਬਣਾਉਣ ਦੀ ਗੱਲ ਤਾਂ ਕਰਦੇ ਹਨ ਪਰ ਅਸਲੀਅਤ ਕੁਝ ਹੋਰ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਸੁਖਦੇਵ ਥਾਪਰ ਦੇ ਬੁੱਤ ਅੱਗੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਸਬੰਧੀ ਨਿਗਮ ਅਧਿਕਾਰੀ ਚੁੱਪ ਧਾਰੀ ਬੈਠੇ ਹਨ ਅਤੇ ਉਹ ਸ਼ਹੀਦ ਦੇ ਜੱਦੀ ਘਰ ਨੂੰ ਸੋਹਣਾ ਬਣਾਉਣ ਦਾ ਕੰਮ ਕਥਿਤ ਤੌਰ ’ਤੇ 15 ਮਈ ਤੱਕ ਲਟਕਾਉਣਾ ਚਾਹੁੰਦੇ ਹਨ ਤਾਂ ਜੋ ਇਹ ਪ੍ਰੋਗਰਾਮ ਅਸਫਲ ਹੋ ਸਕੇ। ਇਸ ਮੌਕੇ ਰਮੇਸ਼ ਸ਼ਰਮਾ, ਕੌਸ਼ਲ ਵਾਲੀਆ, ਨਰੇਸ਼ ਜੈਨ, ਅਨਿਲ ਕੁਮਾਰ ਸ਼ਰਮਾ, ਪ੍ਰਵੀਨ ਡੰਗ ਆਦਿ ਵੀ ਹਾਜ਼ਰ ਸਨ।