ਜੋਗਿੰਦਰ ਸਿੰਘ ਓਬਰਾਏ
ਖੰਨਾ, 26 ਮਈ
ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਧਰਨੇ ਨਾ ਲਾਉਣ ਤੇ ਲੋਕਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ ਪਰ ਕੈਪਟਨ ਸਰਕਾਰ ਦੇ ਮੰਤਰੀ ਅਤੇ ਵਿਧਾਇਕਾਂ ਵੱਲੋਂ ਕੋਵਿਡ ਪ੍ਰੋਟੋਕਾਲ ਦੀ ਕੋਈ ਪਾਲਣਾ ਨਹੀਂ ਕੀਤੀ ਜਾਂਦੀ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਜਿੰਦਰ ਸਿੰਘ ਸਰਕਾਰੀਆ ਵੱਲੋਂ ਖੰਨਾ ਹਲਕੇ ਦੇ ਪਿੰਡ ਮੋਹਨਪੁਰ ’ਚ 40.77 ਲੱਖ ਰੁਪਏ ਅਤੇ ਰਸੂਲੜਾ ਵਿੱਚ 27.89 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈਆਂ ਖੇਡ ਪਾਰਕਾਂ ਦਾ ਉਦਘਾਟਨ ਕੀਤਾ ਗਿਆ। ਜਿਨ੍ਹਾਂ ਨੇ ਕਰਫ਼ਿਊ ਦੀਆਂ ਧੱਜੀਆਂ ਵੀ ਉਡਾਈਆਂ, ਜਦੋਂ ਕਿ ਡੀਸੀ ਲੁਧਿਆਣਾ ਵੱਲੋਂ ਦੁਪਹਿਰ 1 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ ਤੱਕ ਕਰਫ਼ਿਊ ਦਾ ਐਲਾਨ ਕੀਤਾ ਹੋਇਆ ਹੈ। ਮੰਤਰੀਆਂ ਨਾਲ ਤਿੰਨ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਪਾਇਲ ਤੇ ਗੁਰਪ੍ਰੀਤ ਸਿੰਘ ਬੱਸੀ ਪਠਾਣਾ ਸਮੇਤ ਸੈਂਕੜੇ ਗਿਣਤੀ ’ਚ ਕਾਂਗਰਸੀ ਵਰਕਰ ਸ਼ਾਮਲ ਸਨ। ਇਸ ਦੌਰਾਨ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ ਪਰ ਕਿਸੇ ਨੇ ਕਾਰਵਾਈ ਨਹੀਂ ਕੀਤੀ। ਖੁਦ ਕੋਵਿਡ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਮੰਤਰੀ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਰਹੇ। ਸਰਕਾਰ ਵੱਲੋਂ ਕਰੋਨਾ ਮਹਾਮਾਰੀ ਕਾਰਨ ਹਰ ਤਰ੍ਹਾਂ ਦੀਆਂ ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ ’ਤੇ ਰੋਕ ਲਾਈ ਹੋਈ ਹੈ ਪਰ ਪਿੰਡ ਮੋਹਨਪੁਰ ਵਿੱਚ ਦੋਵੇਂ ਮੰਤਰੀਆਂ ਤੇ ਵਿਧਾਇਕਾਂ ਨੇ ਫੁੱਟਬਾਲ ਖੇਡ ਦਾ ਅਨੰਦ ਮਾਣਿਆ। ਵੱਡੇ ਇੱਕਠ ’ਚ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ।
ਇਸ ਮੌਕੇ ਏਡੀਸੀ ਸਕੱਤਰ ਸਿੰਘ ਬੱਲ ਨੇ ਕਿਹਾ ਕਿ ਮੰਤਰੀਆਂ ਦੇ ਸਮਾਗਮ ’ਚ ਜ਼ਿਆਦਾ ਭੀੜ ਭੜੱਕਾ ਨਹੀਂ ਕੀਤਾ ਗਿਆ ਅਤੇ ਮੰਤਰੀ ਖੇਡ ਪਾਰਕਾਂ ਦਾ ਉਦਾਘਟਨ ਕਰਕੇ ਚਲੇ ਗਏ।