ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਮਈ
ਉਦਯਾ ਕੇਰਲਾ ਆਰਟਸ ਐਂਡ ਸਪੋਰਟਸ ਕਲੱਬ ਵੱਲੋਂ ਸਥਾਨਕ ਗੁਰੂ ਨਾਨਕ ਭਵਨ ਵਿੱਚ ਕਰਵਾਏ ਸਭਿਆਚਾਰਕ ਅਤੇ ਇਨਾਮ ਵੰਡ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਗਰੇਵਾਲ (ਭੋਲਾ), ਰਾਜਿੰਦਰਪਾਲ ਕੌਰ ਛੀਨਾ ਅਤੇ ਅਸ਼ੋਕ ਪਰਾਸ਼ਰ ਪੱਪੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸ੍ਰੀ ਸੰਧਵਾਂ ਨੇ ਕਿਹਾ ਕਿ ਭਾਰਤ ਅਮੀਰ ਸਭਿਆਚਾਰ ਵਾਲਾ ਦੇਸ਼ ਹੈ। ਸਭਿਆਚਾਰਕ ਗਤੀਵਿਧੀਆਂ ਨਾ ਸਿਰਫ ਸਾਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਵਿੱਚ ਸਹਾਈ ਹੁੰਦੀਆਂ ਹਨ, ਸਗੋਂ ਇਹ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਅਜਿਹੇ ਸਮਾਗਮ ਕਰਵਾ ਕਿ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕਰਨਾ ਸ਼ਲਾਘਾਯੋਗ ਕੰਮ ਹੈ।
ਕੇਰਲਾ ਦੀ ਸਭ ਤੋਂ ਵੱਡੀ ਸੱਭਿਆਚਾਰਕ ਸੰਸਥਾ ਉਦਯਾ ਕੇਰਲਾ ਆਰਟਸ ਐਂਡ ਸਪੋਰਟਸ ਕਲੱਬ ਵੱਲੋਂ ਚਾਲੂ ਸਾਲ ਦੌਰਾਨ ਆਪਣੀ ਸਿਲਵਰ ਜੁਬਲੀ ਮਨਾਈ ਜਾ ਰਹੀ ਹੈ। ਇਸ ਸਮਾਗਮ ਵਿੱਚ 22 ਕੌਮੀ ਪੁਰਸਕਾਰ ਦਿੱਤੇ ਗਏ, ਜਿਨ੍ਹਾਂ ਵਿੱਚ ਸਮਾਜਿਕ ਗਤੀਵਿਧੀਆਂ, ਸੰਗੀਤ, ਨਾਵਲ, ਲੇਖਕ, ਪੱਤਰਕਾਰੀ, ਆਯੁਰਵੇਦ, ਗਾਇਕੀ, ਅਦਾਕਾਰੀ, ਨਿਰਦੇਸ਼ਨ ਆਦਿ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਰਣਜੋਧ ਸਿੰਘ ਐੱਮ.ਡੀ. ਜੀ.ਐੱਸ. ਰੇਡੀਏਟਰ ਲਿਮਟਿਡ ਅਤੇ ਰਾਮਗੜ੍ਹੀਆ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਮਲਿਆਲੀ ਭਾਈਚਾਰੇ ਦੀਆਂ ਉਘੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉਦਯਾ ਕੇਰਲਾ ਆਰਟਸ ਐਂਡ ਸਪੋਰਟਸ ਕਲੱਬ ਨਾਲ ਜੁੜੇ ਲੋਕ ਵੀ ਮੌਜੂਦ ਸਨ।