ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਜੂਨ
ਸ਼ੇਰਪੁਰ ਚੌਕ ਨੇੜੇ ਇੱਕ ਤੇਜ਼ ਰਫ਼ਤਾਰ ਨਿੱਜੀ ਕੰਪਨੀ ਦੀ ਬੱਸ ਦੀ ਸਾਈਕਲ ਸਵਾਰ ਨਾਲ ਟੱਕਰ ਹੋ ਜਾਣ ਕਾਰਨ ਇੱਕ ਸਾਈਕਲ ਸਵਾਰ ਦੀ ਮੌਕੇ ’ਤੇ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਸਾਈਕਲ ਸਵਾਰ ਸੁਰੇਸ਼ ਕੁਮਾਰ ਵਾਸੀ ਜੀਵਨ ਨਗਰ ਬੀਤੀ ਰਾਤ 10 ਵਜੇ ਦੇ ਕਰੀਬ ਆਪਣੇ ਕੰਮ ਤੋਂ ਛੁੱਟੀ ਕਰ ਕੇ ਘਰ ਜਾ ਰਿਹਾ ਸੀ ਕਿ ਸ਼ੇਰਪੁਰ ਚੌਕ ਲਾਗੇ ਇੱਕ ਬੱਸ ਦੇ ਚਾਲਕ ਨੇ ਉਸਦੇ ਸਾਈਕਲ ਵਿੱਚ ਟੱਕਰ ਮਾਰੀ ਜਿਸ ਕਾਰਨ ਉਹ ਹੇਠਾਂ ਡਿੱਗ ਪਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਸ ਚਾਲਕ ਘਟਨਾ ਤੋਂ ਬਾਅਦ ਬੱਸ ਸਮੇਤ ਫ਼ਰਾਰ ਹੋ ਗਿਆ। ਇਸ ਦੌਰਾਨ ਕਿਸੇ ਰਾਹਗੀਰ ਨੇ ਉਸਦੇ ਮੋਬਾਈਲ ਤੋਂ ਉਸਦੇ ਲੜਕੇ ਸੌਰਭ ਨੂੰ ਫੋਨ ਕਰ ਕੇ ਘਟਨਾ ਬਾਰੇ ਜਾਣਕਾਰੀ ਦਿੱਤੀ।
ਸੌਰਭ ਨੇ ਦੱਸਿਆ ਕਿ ਉਸਦੇ ਪਿਤਾ ਨਿੱਜੀ ਕੰਪਨੀ ਵਿੱਚ ਫੋਰਮੈਨ ਵਜੋਂ ਕੰਮ ਕਰਦੇ ਸਨ ਅਤੇ ਉਹ ਫ਼ੈਕਟਰੀ ਤੋਂ ਛੁੱਟੀ ਕਰ ਕੇ ਘਰ ਜਾ ਰਹੇ ਸਨ ਕਿ ਬੱਸ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਾਂਚ ਅਧਿਕਾਰੀ ਏਐੱਸਆਈ ਸਤਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।