ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਜੁਲਾਈ
ਬੇਟ ਇਲਾਕੇ ਦੇ ਅਨੇਕਾਂ ਪਿੰਡਾਂ ’ਚੋਂ ਇਕ ਮਧੇਪੁਰਾ ਨੂੰ ਆਜ਼ਾਦੀ ਦੇ 74 ਸਾਲ ਬਾਅਦ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਮਿਲਣ ਜਾ ਰਹੀ ਹੈ। ਦਰਿਆ ਕੰਢੇ ਵੱਸਦੇ ਇਸ ਪਿੰਡ ’ਚ ਅੱਜ ਪੰਜਾਬ ਦੇ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ‘ਵਾਟਰ ਵਰਕਸ’ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਿੰਡ ’ਚ ਪਾਣੀ ਵਾਲੀ ਟੈਂਕੀ ਬਣਾ ਕੇ ਇਸ ਤੋਂ ਸਾਰੇ ਪਿੰਡ ਨੂੰ ਪੀਣ ਵਾਲੇ ਸਾਫ ਪਾਣੀ ਦੇ ਕੁਨੈਕਸ਼ਨ ਦੇਣ ਲਈ ਗਰਾਂਟ ਦਿੱਤੀ ਸੀ। ਚੇਅਰਮੈਨ ਦਾਖਾ ਅਨੁਸਾਰ 65 ਲੱਖ ਰੁਪਏ ਦੀ ਲਾਗਤ ਨਾਲ ਪਿੰਡ ’ਚ ਇਹ ਵਾਟਰ ਵਰਕਸ ਦਾ ਕੰਮ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਤੋਂ ਹੋਰ ਗਰਾਂਟ ਜਾਰੀ ਕਰਵਾ ਕੇ ਉਹ ਵਿਕਾਸ ਦੀ ਰਹਿੰਦੀ ਕਸਰ ਪੂਰੀ ਕਰਨ ਦਾ ਯਤਨ ਕਰਨਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਤਾ ’ਚ ਆਉਣ ’ਤੇ ਇਕ ਦਲਿਤ ਅਤੇ ਇਕ ਹਿੰਦੂ ਉਪ ਮੁੱਖ ਮੰਤਰੀ ਬਣਾਉਣ ਦੇ ਕੀਤੇ ਐਲਾਨ ਬਾਰੇ ਉਨ੍ਹਾਂ ਕਿਹਾ ਕਿ 10 ਵਰ੍ਹੇ ਲਗਾਤਾਰ ਗੱਠਜੋੜ ਸਰਕਾਰ ਰਹੀ ਉਦੋਂ ਸੁਖਬੀਰ ਬਾਦਲ ਨੇ ਇਹ ਕੰਮ ਕਿਉਂ ਨਾ ਪੂਰਾ ਕੀਤਾ? ਲੋਕ ਸਭ ਸਮਝਦੇ ਹਨ ਅਤੇ ਅਕਾਲੀ ਹੁਣ ਲੋਕਾਂ ਨੂੰ ਗੁਮਰਾਹ ਨਹੀਂ ਕਰ ਸਕਣਗੇ। ਇਸ ਮੌਕੇ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਅਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨੀ ਗਰਗ ਨੇ ਵੀ ਸੰਬੋਧਨ ਕੀਤਾ।