ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਜੁਲਾਈ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਪੰਜਾਬ ਸਰਕਾਰ ਦੇ ਬਜਟ ’ਚ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੀ ਪੰਡ ਹੌਲੀ ਕਰਵਾਉਣ ਲਈ ਕੋਈ ਤਜਵੀਜ਼ ਨਾ ਰੱਖਣ ਦੀ ਨਿਖੇਧੀ ਕਰਦਿਆਂ ਬਜਟ ਨੂੰ ਆਮ ਲੋਕਾਂ ਲਈ ਕੋਈ ਰਾਹਤ ਨਾ ਪ੍ਰਦਾਨ ਕਰਨ ਵਾਲਾ ਕਰਾਰ ਦਿੱਤਾ ਹੈ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਮਨਮੋਹਨ ਸਿੰਘ ਪੰਡੋਰੀ, ਬਲਜੀਤ ਸਿੰਘ ਸਵੱਦੀ ਤੇ ਹੋਰਨਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਮਾਰਚ 2022 ’ਚ ਸਰਕਾਰ ਬਣਦੇ ਸਾਰ ਹੀ ਕੀਤੇ ਐਲਾਨ ਮੁਤਾਬਕ ਮੱਕੀ, ਸੂਰਜਮੁਖੀ ਤੇ ਬਾਸਮਤੀ ਦੀ ਐੱਮਐੱਸਪੀ ਦੇ ਆਧਾਰ ’ਤੇ ਦਾਣਾ-ਦਾਣਾ ਖ਼ਰੀਦਣ ਲਈ ਵੀ ਕੋਈ ਵੀ ਰਕਮ ਅਲਾਟ ਨਹੀਂ ਕੀਤੀ ਗਈ। ਖੇਤੀਬਾੜੀ ਖੇਤਰ ਲਈ ਰੱਖੀ ਕੁੱਲ ਰਕਮ 11560 ਕਰੋੜ ਰੁਪਏ ’ਚ ਬਿਜਲੀ ਸਬਸਿਡੀ ਦੇ 6947 ਕਰੋੜ ਰੁਪਏ ਕੱਢ ਕੇ ਬਾਕੀ ਰਕਮ ਇਸ ਖੇਤਰ ਦੀ ਤਰੱਕੀ ਲਈ ਕੀਤੇ ਵੱਡੇ ਵਾਅਦਿਆਂ ਨੂੰ ਪੂਰਾ ਕਰਨ ਦੇ ਸਮਰੱਥ ਨਹੀਂ ਬਣ ਸਕੇਗੀ। ਇਸ ਤੋਂ ਇਲਾਵਾ ਖੇਤ ਮਜ਼ਦੂਰਾਂ ਸਿਰ ਚੜ੍ਹੇ ਦਸ ਹਜ਼ਾਰ ਕਰੋੜ ਰੁਪਏ ਤੋਂ ਉੱਪਰ ਦੇ ਕਰਜ਼ੇ ਬਾਰੇ ਬਜਟ ’ਚ ਇਕ ਵੀ ਅੱਖਰ ਸ਼ਾਮਲ ਨਹੀਂ ਹੈ। ਬੇਸ਼ਕ ਸਿਹਤ ਲਈ 23.80 ਫ਼ੀਸਦ ਅਤੇ ਸਿੱਖਿਆ ਲਈ 16.27 ਫ਼ੀਸਦ ਦਾ ਵਾਧਾ ਚੰਗੀ ਗੱਲ ਹੈ, ਲੇਕਿਨ ਵੀਹ ਹਜ਼ਾਰ ਤੋਂ ਉੱਪਰ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਤੇ ਮੁਹੱਲਾ ਕਲੀਨਿਕ ਆਰੰਭਣ ਲਈ ਰੱਖੀ ਗਈ ਰਕਮ ਬਹੁਤ ਹੀ ਘੱਟ ਹੈ।
ਪੈਨਸ਼ਨਰਾਂ ਵੱਲੋਂ ਬਜਟ ਅਤੇ ਅਗਨੀਪਥ ਲੋਕ ਵਿਰੋਧ ਕਰਾਰ
ਲੁਧਿਆਣਾ (ਖੇਤਰੀ ਪ੍ਰਤੀਨਿਧ): ਪੀਏਯੂ ਦੇ ਅਧਿਆਪਕਾਂ ਦੀ ਜਥੇਬੰਦੀ ਤੋਂ ਬਾਅਦ ਅੱਜ ਪੀਏਯੂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਵੀ ’ਵਰਸਿਟੀ ਵਿੱਚ ਵੀਸੀ ਸਣੇ ਹੋਰ ਅਧਿਕਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਸਰਕਾਰ ਦੀ ਨਾਅਹਿਲੀਅਤ ਗਰਦਾਨਿਆ ਹੈ। ਇਸ ਸਬੰਧੀ ਐਸੋਸੀਏਸ਼ਨ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਐਸੋਸੀਏਸਨ ਦੇ ਮੀਤ ਪ੍ਰਧਾਨ ਜਸਵੰਤ ਜੀਰਖ ਨੇ ਦੱਸਿਆ ਕਿ ਮੀਟਿੰਗ ’ਚ ਬਜਟ ਦੇ ਮੁੱਦੇ ’ਤੇ ਪੰਜਾਬ ਸਰਕਾਰ ਅਤੇ ਅਗਨੀਪੱਥ ਸਕੀਮ ਲਈ ਕੇਂਦਰ ਸਰਕਾਰ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਸਰਕਾਰ ਵੀ ਪਹਿਲੀਆਂ ਪਾਰਟੀਆਂ ਦੀ ਤਰ੍ਹਾਂ ਆਮ ਦੀ ਬਜਾਇ ਖ਼ਾਸ ਲੋਕਾਂ ਦੇ ਪੱਖ ਵਿੱਚ ਭੁਗਤਣ ਵਾਲੀ ਹੀ ਹੈ। ਬੱਜਟ ਵਿੱਚ ਆਮ ਮੁਲਾਜ਼ਮ, ਪੈਨਸ਼ਨਰਜ, ਮਜ਼ਦੂਰਾਂ ਤੇ ਕਿਸਾਨਾਂ ਲਈ ਕੋਈ ਰਾਹਤ ਨਹੀਂ ਦਿੱਤੀ ਗਈ। ਮੀਟਿੰਗ ’ਚ ਅਗਨੀਪੱਥ ਸਕੀਮ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ।