ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 31 ਮਈ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਪਿੰਡ ਤਲਵੰਡੀ ਕਲਾਂ, ਸਵੱਦੀ ਕਲਾਂ ਤੇ ਸਵੱਦੀ ਪੱਛਵੀ ਵਿੱਚ ਲਾਮਬੰਦੀ ਮੁਹਿੰਮ ਤਹਿਤ ਨੁੱਕੜ ਮੀਟਿੰਗਾਂ ਕੀਤੀਆਂ। ਕੁਲਵੰਤ ਕੌਰ ਪੁਲੀਸ ਤਸ਼ੱਦਦ ਮਾਮਲੇ ’ਚ ਨਾਮਜ਼ਦ ਡੀਐੱਸਪੀ ਸਮੇਤ ਚਾਰ ਹੋਰਨਾਂ ਦੀ ਗ੍ਰਿਫ਼ਤਾਰੀ ਲਈ ਸੰਘਰਸ਼ ਤੇਜ਼ ਕਰਨ ਤਹਿਤ ਇਹ ਮੁਹਿੰਮ ਵਿੱਢੀ ਗਈ ਹੈ। ਜਥੇਬੰਦੀ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਹਾਇਕ ਸਕੱਤਰ ਰਣਜੀਤ ਸਿੰਘ ਗੂੜੇ, ਡਾ. ਗੁਰਮੇਲ ਸਿੰਘ ਕੁਲਾਰ, ਖਜ਼ਾਨਚੀ ਮਨਮੋਹਨ ਸਿੰਘ ਪੰਡੋਰੀ ਆਦਿ ਨੇ ਕਿਹਾ ਕਿ 70 ਰੋਜ਼ਾ ਪੱਕਾ ਧਰਨਾ ਹਰ ਹਾਲਤ ਜਿੱਤ ਤੱਕ ਲਿਜਾਇਆ ਜਾਵੇਗਾ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਇੱਕ ਜੂਨ ਨੂੰ ਡੀਜੀਪੀ ਪੰਜਾਬ ਨੇ ਜਥੇਬੰਦੀਆਂ ਦੇ 12 ਮੈਂਬਰੀ ਵਫ਼ਦ ਨੂੰ ਇਨਸਾਫ਼ ਨਾ ਦਿੱਤਾ ਤਾਂ ਉਸ ਤੋਂ ਬਾਅਦ ਤੁਰੰਤ ਸਾਂਝੇ ਘੋਲ ਨੂੰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ। ਉਨ੍ਹਾਂ ਕਿਸਾਨ ਨੇਤਾ ਰਾਕੇਸ਼ ਟਿਕੈਤ ’ਤੇ ਹਮਲੇ ਤੇ ਸਿਆਹੀ ਸੁੱਟਣ ਦੀ ਵੀ ਨਿਖੇਧੀ ਕੀਤੀ। ਇਸ ਮੌਕੇ ਸਰਵਿੰਦਰ ਸਿੰਘ ਸੁਧਾਰ, ਸੁਖਵਿੰਦਰ ਸਿੰਘ ਸੁਧਾਰ, ਅੰਗਰੇਜ਼ ਸਿੰਘ ਮੌਜੂਦ ਸਨ।