ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 19 ਜੂਨ
ਪਿੰਡ ਲੱਖੋਵਾਲ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਦੀ ਸਹੂਲਤ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਮੱਕੀ ਦਾ ਡਰਾਇਰ ਹਮੇਸ਼ਾ ਸੁਰਖ਼ੀਆਂ ਵਿੱਚ ਰਹਿੰਦਾ ਹੈ। ਇਸ ਵਾਰ ਠੇਕੇਦਾਰ ਵੱਲੋਂ ਡਰਾਇਰ ਦੀ ਮਿਆਦ ਲੰਘ ਜਾਣ ਦੇ ਬਾਵਜੂਦ ਇਸ ਦੀ ਕਥਿਤ ਨਾਜਾਇਜ਼ ਵਰਤੋਂ ਦਾ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਨੋਟਿਸ ਲਿਆ। ਇਸ ਮੌਕੇ ਵਿਧਾਇਕ ਜਗਤਾਰ ਦਿਆਲਪੁਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ 8 ਜੂਨ ਨੂੰ ਮੱਕੀ ਡਰਾਇਰ ਦੇ ਠੇਕੇ ਦੀ 5 ਸਾਲਾ ਮਿਆਦ ਖਤਮ ਹੋ ਚੁੱਕੀ ਹੈ ਅਤੇ ਉਸ ਤੋਂ ਬਾਅਦ ਵੀ ਠੇਕੇਦਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਮੱਕੀ ਸੁਕਾ ਕੇ ਪੈਸੇ ਦੀ ਵਸੂਲੀ ਕਰ ਰਿਹਾ ਹੈ। ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਬੇਸ਼ੱਕ ਉਨ੍ਹਾਂ ਦੀ ਪਾਰਟੀ ਵਲੋਂ ਡਿਊਟੀ ਸੰਗਰੂਰ ਲੋਕ ਸਭਾ ਚੋਣਾਂ ਵਿਚ ਚੋਣ ਪ੍ਰਚਾਰ ’ਤੇ ਲੱਗੀ ਹੋਈ ਸੀ ਪਰ ਉਹ ਸੂਚਨਾ ਮਿਲਦਿਆਂ ਹੀ ਵਿਸ਼ੇਸ਼ ਤੌਰ ’ਤੇ ਲੱਖੋਵਾਲ ਦਾਣਾ ਮੰਡੀ ਵਿੱਚ ਆਏ। ਇੱਥੇ ਉਨ੍ਹਾਂ ਦੇਖਿਆ ਕਿ ਮੱਕੀ ਦਾ ਡਰਾਇਰ ਖੁੱਲ੍ਹਾ ਸੀ ਅਤੇ ਫਸਲ ਸੁਕਾਈ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਠੇਕੇਦਾਰ ਤੋਂ ਜਵਾਬ ਤਲਬੀ ਕੀਤੀ ਜਿਸ ’ਤੇ ਉਹ ਸਪੱਸ਼ਟੀਕਰਨ ਇਹ ਦੇ ਰਿਹਾ ਸੀ ਕਿ ਸਰਕਾਰ ਨੂੰ ਇਹ ਮਸ਼ੀਨਰੀ ਚੱਲਦੀ ਹਾਲਤ ਵਿਚ ਸੌਂਪਣੀ ਹੈ। ਇਸ ਲਈ ਉਹ ਟੈਸਟਿੰਗ ਕਰ ਰਹੇ ਸਨ। ਵਿਧਾਇਕ ਦਿਆਲਪੁਰਾ ਨੇ ਜਦੋਂ ਮੌਕੇ ’ਤੇ ਕੰਮ ਕਰਦੇ ਮਜ਼ਦੂਰਾਂ ਅਤੇ ਆਸ-ਪਾਸ ਤੋਂ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਲੱਗਾ ਕਿ 8 ਜੂਨ ਨੂੰ ਮਿਆਦ ਖਤਮ ਹੋਣ ਤੋਂ ਬਾਅਦ ਵੀ ਠੇਕੇਦਾਰ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਕਿਸਾਨਾਂ ਦੀ ਮੱਕੀ ਸੁਕਾ ਕੇ ਪੈਸੇ ਦੀ ਵਸੂਲੀ ਕਰਦਾ ਰਿਹਾ।
ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਡਰਾਇਰ ਬੰਦ ਕਰਵਾ ਦਿੱਤਾ ਹੈ। ਇਸ ਦੇ ਨਾਲ ਹੀ ਉਹ ਮੰਡੀ ਬੋਰਡ ਦੇ ਧਿਆਨ ਵਿੱਚ ਲਿਆਉਣਗੇ ਕਿ ਠੇਕੇਦਾਰ ਨੇ ਜਿੰਨੇ ਦਿਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਪੈਸੇ ਕਮਾਏ ਹਨ ਉਸ ਦੀ ਵਸੂਲੀ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮੱਕੀ ਡਰਾਇਰ ਦਾ ਮਾਮਲਾ ਪੰਜਾਬੀ ਟ੍ਰਿਬਿਊਨ ਵਿੱਚ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਸੀ, ਜਿਸ ਮਗਰੋਂ ਅੱਜ ਵਿਧਾਇਕ ਨੇ ਉਕਤ ਕਾਰਵਾਈ ਕੀਤੀ ਹੈ।