ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਮਈ
ਸ਼ਮਸ਼ਾਨਘਾਟਾਂ ਵਿੱਚ ਸਸਕਾਰ ਲਈ ਲੱਗਦੇ ਬਾਲਣ ਦੀ ਖਪਤ ਘੱਟ ਕਰਨ ਅਤੇ ਕਰੋਨਾ ਮਹਾਮਾਰੀ ਦੌਰਾਨ ਮਰਨ ਵਾਲੇ ਮਰੀਜ਼ਾਂ ਦੇ ਘੱਟ ਸਮੇਂ ਤੇ ਘੱਟ ਖਰਚ ’ਤੇ ਸਸਕਾਰ ਕਰਨ ਲਈ ਢੋਲੇਵਾਲ ਦੀ ਸਮਸ਼ਾਨਘਾਟ ਵਿੱਚ ਤਿਆਰ ਕੀਤੀ ਭੱਠੀ (ਗੈਸ ਚੈਂਬਰ) ਦਾ ਨਿਰੀਖਣ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਉਕਤ ਸਮਸ਼ਾਨਘਾਟ ਪਹੁੰਚੇ ਤੇ ਭੱਠੀ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਉਸ ਜੀਐੱਸਟੀ ਗਰੁੱਪ ਦੀ ਫੈਕਟਰੀ ਦਾ ਦੌਰਾ ਵੀ ਕੀਤਾ ਜਿੱਥੇ ਇਹ ਭੱਠੀ ਤਿਆਰ ਕੀਤੀ ਗਈ ਹੈ। ਢੋਲੇਵਾਲ ਸ਼ਮਸ਼ਾਨਘਾਟ ਵਿੱਚ ਪਹਿਲਾਂ ਦੋ ਗੈਸੀ ਭੱਠੀਆਂ ਜਦਕਿ ਬਾਕੀ ਰਵਾਇਤੀ ਢੰਗ ਨਾਲ ਸਸਕਾਰ ਕੀਤੇ ਜਾਂਦੇ ਸਨ। ‘ਪੰਜਾਬੀ ਟ੍ਰਿਬਿਊਨ’ ਵਿੱਚ ਪਹਿਲੀ ਵਾਰ 8 ਮਈ ਤੇ ਦੂਜੀ ਵਾਰ 12 ਮਈ ਨੂੰ ਉਕਤ ਨਵੀਂ ਤਕਨੀਕ ਵਾਲੀ ਭੱਠੀ ਸਬੰਧੀ ਖਬਰਾਂ ਛਾਪੀਆਂ ਸਨ। ਅੱਜ ਇਸ ਭੱਠੀ ਨੂੰ ਦੇਖਣ ਪਹੁੰਚੇ ਡੀਸੀ ਸ਼ਰਮਾ ਨੇ ਦੱਸਿਆ ਕਿ ਇਸ ਭੱਠੀ ਦਾ ਸਟੇਨਲੈਸ ਸਟੀਲ ਦਾ ਢਾਂਚਾ ਹੈ ਜੋ ਉੱਚ ਤਾਪਮਾਨ ਬਰਦਾਸ਼ਤ ਕਰ ਸਕਦਾ ਹੈ। ਇਸ ਭੱਠੀ ਨਾਲ ਇਕ ਘੰਟੇ ਦੇ ਅੰਦਰ ਸਸਕਾਰ ਹੋ ਜਾਂਦਾ ਹੈ ਤੇ 2 ਐੱਲਪੀਜੀ ਸਿਲੰਡਰਾਂ ਦੀ ਵਰਤੋਂ ਨਾਲ 3 ਮ੍ਰਿਤਕ ਦੇਹਾਂ ਦਾ ਸਸਕਾਰ ਕੀਤਾ ਜਾ ਸਕਦਾ ਹੈ। ਸ੍ਰੀ ਸ਼ਰਮਾ ਨੇ ਕਿਹਾ, ਹਾਲਾਂਕਿ ਇਹ ਭੱਠੀ ਨਾ ਸਿਰਫ ਰਵਾਇਤੀ ਲੱਕੜ ਆਧਾਰਤ ਸ਼ਮਸ਼ਾਨਘਾਟ ਦੇ ਮੁਕਾਬਲੇ ਸਸਤੀ ਹੈ, ਬਲਕਿ ਇਸ ਰਾਹੀਂ ਸਮੇਂ ਦੀ ਵੀ ਬੱਚਤ ਹੁੰਦੀ ਹੈ। ਇਸ ਵਿਧੀ ਰਾਹੀਂ ਮ੍ਰਿਤਕਾਂ ਦੀਆਂ ਅਸਥੀਆਂ ਵੀ ਸਸਕਾਰ ਤੋਂ ਤੁਰੰਤ ਬਾਅਦ ਇਕੱਤਰ ਕੀਤੀਆਂ ਜਾ ਸਕਦੀਆਂ ਹਨ ਤੇ ਹੋਰ ਸਸਕਾਰ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਗੱਲ ਇਹ ਹੈ ਕਿ ਇਹ ਭੱਠੀ ਸਸਕਾਰਾਂ ਲਈ ਦਰੱਖ਼ਤਾਂ ਦੀ ਕਟਾਈ ਨੂੰ ਰੋਕਣ ਵਿਚ ਮਦਦ ਕਰੇਗੀ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਇਕ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਇਕ ਰਵਾਇਤੀ ਪ੍ਰਣਾਲੀ ਵਿਚ ਲਗਪਗ 4 ਕੁਇੰਟਲ ਲੱਕੜ ਦੀ ਲੋੜ ਪੈਂਦੀ ਹੈ। ਭੱਠੀ ਬਣਾਉਣ ਵਾਲੇ ਅਤੇ ਜੀਐੱਸਟੀ ਗਰੁੱਪ ਦੇ ਮਾਲਕ ਰਣਜੋਧ ਸਿੰਘ ਨੇ ਕਿਹਾ ਕਿ ਉਹ ਸਿਰਫ ਲਾਗਤ ਦੇ ਹਿਸਾਬ ਨਾਲ ਲੁਧਿਆਣਾ ਅਤੇ ਪੰਜਾਬ ਦੇ ਹੋਰ ਸ਼ਮਸ਼ਾਨਘਾਟਾਂ ਨੂੰ ਐੱਲਪੀਜੀ ਗੈਸ ਚੈਂਬਰ ਸਪਲਾਈ ਕਰਨਗੇ। ਉਨ੍ਹਾਂ ਦੱਸਿਆ ਕਿ ਰਾਮਗੜ੍ਹੀਆ ਐਜੂਕੇਸ਼ਨਲ ਕਾਉਂਸਲ, ਜਿਸ ਦੇ ਉਹ ਮਾਲਕ ਹਨ, ਦੇ ਪ੍ਰਬੰਧਨ ਅਧੀਨ, ਢੋਲੇਵਾਲ ਦੇ ਰਾਮਗੜ੍ਹੀਆ ਸ਼ਮਸ਼ਾਨ ਘਾਟ ਵਿੱਚ 739 ਕੋਵਿਡ ਸਸਕਾਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਇਸ ਸਾਲ ਇਕੱਲੇ ਮਈ ਮਹੀਨੇ ਵਿੱਚ 138 ਕੇਸ ਵੀ ਸ਼ਾਮਲ ਹਨ।