ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਮਾਰਚ
ਇੱਥੋਂ ਦੇ ਡਾਬਾ ਦੇ ਗੁਰਪ੍ਰੀਤ ਨਗਰ ਇਲਾਕੇ ’ਚ ਕੁਝ ਲੋਕਾਂ ਨੇ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ’ਤੇ ਇੱਟਾਂ ਪੱਥਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਾਰਾਂ ਨੇ ਘਰ ਦੇ ਦਰਵਾਜ਼ੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਸੂਚਨਾ ਮਿਲਣ ਤੋਂ ਮੌਕੇ ’ਤੇ ਪਹੁੰਚੀ ਪੁਲੀਸ ਨੇ ਉਥੇ ਲੱਗੇ ਸੀਸੀਟੀਵੀ ਦੀ ਵੀਡੀਓ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਪ੍ਰੀਤ ਨਗਰ ’ਚ ਰਹਿਣ ਵਾਲੇ ਪ੍ਰਦੂਮਣ ਨੇ ਦੱਸਿਆ ਕਿ ਉਹ ਕਰਿਆਨੇ ਦੀ ਦੁਕਾਨ ਘਰ ਦੇ ਬਾਹਰ ਹੀ ਚਲਾਉਂਦਾ ਹੈ। ਉਸ ਨੇ ਕੁਝ ਸਮਾਂ ਪਹਿਲਾਂ ਆਪਣੇ ਗੁਆਂਢੀਆਂ ਨੂੰ 29 ਹਜ਼ਾਰ ਰੁਪਏ ਉਧਾਰੇ ਦਿੱਤੇ ਸਨ। ਗੁਆਂਢੀ ਕਾਫ਼ੀ ਸਮੇਂ ਤੋਂ ਪੈਸੇ ਨਹੀਂ ਦੇ ਰਹੇ ਸਨ ਤੇ ਟਾਲ ਮਟੋਲ ਕਰ ਰਹੇ ਸਨ। ਉਹ ਐਤਵਾਰ ਦੀ ਦੁਪਹਿਰ ਨੂੰ ਗੁਆਂਢ ’ਚ ਆਪਣੇ ਪੈਸੇ ਮੰਗਣ ਗਿਆ ਸੀ। ਕੁਝ ਸਮੇਂ ਬਾਅਦ ਗੁਆਂਢੀ ਤੇ ਉਸਦੇ ਕੁਝ ਸਾਥੀ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਸ ’ਤੇ ਇੱਟਾਂ ਪੱਥਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਪੁਲੀਸ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਡਾਬਾ ਦੇ ਐੱਸ.ਐੱਚ.ਓ. ਮਹਿਮਾ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।