ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਅਪਰੈਲ
ਲੁਧਿਆਣਾ ਦੇ ਸੱਗੂ ਚੌਕ ਨੇੜੇ ਹਸਪਤਾਲ ਦੇ ਖ਼ਿਲਾਫ਼ ਨਸ਼ਾ ਛੁਡਾਉਣ ਲਈ ਦਾਖ਼ਲ ਕੀਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਲਾਪ੍ਰਵਾਹੀ ਦੇ ਦੋਸ਼ ਲਾਏ ਹਨ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਨੌਜਵਾਨ ਨੂੰ ਨਸ਼ਾ ਛੁਡਾਉਣ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸਦੀ ਸ਼ਰਾਬ ਪਿਲਾਉਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਤੇ ਸੜਕ ਵੀ ਜਾਮ ਕੀਤੀ।
ਨਿਊ ਮਾਡਲ ਟਾਉਨ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਆਪਣੇ ਪੁੱਤਰ ਨੂੰ ਨਸ਼ਾ ਛੁਡਾਉਣ ਦੇ ਲਈ ਸੱਗੂ ਚੌਕ ਨੇੜੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। ਹਸਪਤਾਲ ਵਾਲਿਆਂ ਨੇ 10 ਦਿਨ ਤੱਕ ਨੌਜਵਾਨ ਦਾ ਇਲਾਜ ਕਰਨ ਦੇ ਲਈ ਦਾਖ਼ਲ ਕੀਤਾ ਸੀ। ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਹਸਪਤਾਲ ਦੇ ਸਟਾਫ਼ ਨੇ ਉਨ੍ਹਾਂ ਦੇ ਲੜਕੇ ਨੂੰ ਸ਼ਰਾਬ ਪਿਲਾ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪੁਤਰ ਦੀ ਹਾਲਤ ਵਿਗੜ ਗਈ, ਉਹ ਨੀਲਾ ਪੈ ਗਿਆ। ਜਿਸ ਤੋਂ ਬਾਅਦ ਪਰਿਵਾਰ ਵਾਲੇ ਨੌਜਵਾਨ ਨੂੰ ਡੀਐੱਮਸੀ ਹਸਪਤਾਲ ਲੈ ਗਏ। ਇਸ ਦੌਰਾਨ ਉਸਦੀ ਮੌਤ ਹੋ ਗਈ।
ਪਰਿਵਾਰ ਵਾਲਿਆਂ ਨੇ ਦੋਸ਼ ਲਗਾਏ ਹਨ ਕਿ ਪੂਰੇ ਮਾਮਲੇ ਦੇ ਦੌਰਾਨ ਹਸਪਤਾਲ ਵਾਲੇ ਮੌਕੇ ਤੋਂ ਭੱਜ ਗਏ।ਇੰਨਾ ਹੀ ਨਹੀਂ ਹਸਪਤਾਲ ਵਾਲਿਆਂ ਨੇ ਮਰੀਜ਼ ਦੀ ਸਿਹਤ ਵਿਗੜਣ ਤੋਂ ਬਾਅਦ ਐਂਬੂਲੈਂਸ ਤੱਕ ਵੀ ਨਹੀਂ ਦਿੱਤੀ, ਉਹ ਖੁਦ ਪ੍ਰਾਈਵੇਟ ਐਂਬੂਲੈਂਸ ਲੈ ਕੇ ਡੀਐੱਮਸੀ ਹਸਪਤਾਲ ਲੈ ਕੇ ਗਏ ਸਨ। ਇਸ ਮਾਮਲੇ ਵਿੱਚ ਪੁਲੀਸ ਨੇ ਇੰਡਸਟਰੀਅਲ ਏਰੀਆ ਵਾਸੀ ਮੋਹਨ ਗੁਪਤਾ ਦੀ ਸ਼ਿਕਾਇਤ ’ਤੇ ਹਸਪਤਾਲ ਦੇ ਡਾਕਟਰ ਰਵੀ ਤੇ ਹੋਰ ਸਟਾਫ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।