ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਫਰਵਰੀ
ਦੇਸ਼ ਵੰਡ ਮਗਰੋਂ ਰਾਵੀ ਪਾਰੋਂ ਆ ਕੇ ਲੁਧਿਆਣਾ ਵਿੱਚ ਵਸੇ ਲੋਕ ਨਾਚ ਭੰਗੜਾ ਤੇ ਲੋਕ ਸੰਗੀਤ ਪੇਸ਼ਕਾਰ ਸੰਤ ਰਾਮ ਖੀਵਾ ਦਾ ਲੁਧਿਆਣਾ ਵਿੱਚ ਬੀਤੇ ਦਿਨ ਦੇਹਾਂਤ ਹੋ ਗਿਆ ਹੈ। ਉਹ 84 ਸਾਲਾਂ ਦੇ ਸਨ। ਸੰਤ ਰਾਮ ਖੀਵਾ ਉਸਤਾਦ ਗੀਤਕਾਰ ਤੇ ਗਾਇਕ ਨਰਿੰਦਰ ਖੇਦੀ ਕਰਤਾਰਪੁਰ ਵਾਲਿਆਂ ਦੇ ਸ਼ਾਗਿਰਦ ਸਨ। ਆਕਾਸ਼ਵਾਣੀ ਜਲੰਧਰ ਤੋਂ ਲੋਕ ਸੰਗੀਤ ਪੇਸ਼ਕਾਰੀਆਂ ਲਈ ਉਹ ਪ੍ਰਵਾਣਿਤ ਕਲਾਕਾਰ ਸਨ। ਚੋਟੀ ਦੀਆਂ ਲੋਕ ਗਾਇਕਾਵਾਂ ਰਣਜੀਤ ਕੌਰ, ਸਵਰਨ ਲਤਾ, ਮਹਿੰਦਰਜੀਤ ਸੇਖੋਂ, ਸੁਰਜੀਤ ਕੌਰ, ਸਨੇਹ ਲਤਾ, ਸੁਰਿੰਦਰ ਸੋਨੀਆ ਨਾਲ ਵੀ ਖੀਵਾ ਦੋਗਾਣਾ ਗਾਇਕੀ ਪੇਸ਼ ਕਰਦੇ ਰਹੇ। ਲੋਕ ਗਾਇਕ ਪੰਮੀ ਬਾਈ ਨੇ ਸ੍ਰੀ ਖੀਵਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਦੱਸਿਆ ਕਿ ਉਸਤਾਦ ਭਾਨਾ ਰਾਮ ਦੇ ਸ਼ਾਗਿਰਦ ਮਨੋਹਰ ਦੀਪਕ ਦੀ ਸੰਗਤ ਸਦਕਾ ਸੰਤ ਰਾਮ ਖੀਵਾ ਹਰ ਸਾਲ ਮੁੰਬਈ ਵਿੱਚ ਪੰਜਾਬ ਤੋਂ ਸਭਿਆਚਾਰਕ ਟਰੁੱਪ ਲੈ ਕੇ ਲਗਪਗ 40 ਸਾਲ ਜਾਂਦੇ ਰਹੇ। ਸੰਤ ਰਾਮ ਖੀਵਾ ਦੇ ਦੇਹਾਂਤ ’ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਲੋਕ ਗਾਇਕ ਸੁਰਿੰਦਰ ਸ਼ਿੰਦਾ, ਹਰਭਜਨ ਮਾਨ, ਜਸਬੀਰ ਜੱਸੀ, ਭੰਗੜਾ ਕਲਾਕਾਰ ਮਾਸਟਰ ਹਰਭਜਨ ਸਿੰਘ, ਜੋਗਾ ਸਿੰਘ ਸੇਖੋਂ, ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਪੰਜਾਬੀ ਕਲਚਰਲ ਸੁਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਨੇ ਅਫਸੋਸ ਪ੍ਰਗਟਾਇਆ। ਸੰਤ ਰਾਮ ਖੀਵਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 17 ਫਰਵਰੀ ਨੂੰ ਗੁਰਦੁਆਰਾ ਭਾਈ ਵਾਲਾ ਸਾਹਿਬ ਪੱਖੋਵਾਲ ਰੋਡ ਲੁਧਿਆਣਾ ਵਿੱਚ ਹੋਵੇਗੀ।