ਪੱਤਰ ਪ੍ਰੇਰਕ
ਰਾਏਕੋਟ, 9 ਮਾਰਚ
ਸਿਹਤ ਵਿਭਾਗ ਪੰਜਾਬ ਵਲੋਂ ਕੌਮਾਂਤਰੀ ਔਰਤ ਦਿਵਸ ਮੌਕੇ ਦਿੱਤੇ ਗਏ ਤੋਹਫ਼ੇ ਤਹਿਤ ਰਾਏਕੋਟ ਸਿਵਲ ਹਸਪਤਾਲ ਵਿੱਚ ਇੱਕ ਜੱਚਾ ਅਤੇ ਬੱਚਾ ਸਿਹਤ ਵਿੰਗ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਲਈ ਬੀਤੇ ਕੱਲ੍ਹ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੰਜਾਬ ਵਿਧਾਨਸਭਾ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਰੱਖੀ ਗਈ ਰਕਮ ਦੀ ਤਜਵੀਜ਼ ਪੇਸ਼ ਕੀਤੀ ਗਈ। ਸਰਕਾਰ ਦੇ ਇਸ ਫੈਸਲੇ ਨੂੰ ਹਲਕੇ ਵਿੱਚ ਸਿਹਤ ਸਹੂਲਤਾਂ ਪੱਖੋਂ ਸ਼ਲਾਘਾ ਯੋਗ ਦੱਸਦਿਆਂ ਮੈਂਬਰ ਲੋਕ ਸਭਾ ਡਾ. ਅਮਰ ਸਿੰਘ ਅਤੇ ਕਾਮਿਲ ਬੋਪਾਰਾਏ ਨੇ ਕਿਹਾ ਕਿ ਰਾਏਕੋਟ ਸਿਵਲ ਹਸਪਤਾਲ ਵਿੱਚ ਜੱਚਾ ਅਤੇ ਬੱਚਾ ਸਿਹਤ ਵਿੰਗ ਦੇ ਬਣਨ ਨਾਲ ਰਾਏਕੋਟ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ, ਕਿਉਂਕਿ ਪੱਛੜਿਆਂ ਹੋਇਆ ਇਲਾਕਾ ਹੋਣ ਕਾਰਨ ਇਹ ਹਲਕਾ ਸਿਹਤ ਸਹੂਲਤਾਂ ਤੋਂ ਸੱਖਣਾ ਸੀ ਅਤੇ ਥੋੜੀ ਜਿਹੀ ਐਮਰਜੈਂਸੀ ਦੀ ਸਥਿਤੀ ਵਿੱਚ ਵੀ ਲੋਕਾਂ ਨੂੰ ਲੁਧਿਆਣਾ ਜਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਵੱਲ੍ਹ ਨੂੰ ਜਾਣਾ ਪੈਂਦਾ ਸੀ।
ਉਨ੍ਹਾਂ ਕਿਹਾ ਕਿ ਰਾਏਕੋਟ ਸਿਵਲ ਹਸਪਤਾਲ ਵਿੱਚ ਜੱਚਾ ਅਤੇ ਬੱਚਾ ਸਿਹਤ ਵਿੰਗ ਬਣਨ ਨਾਲ ਰਾਏਕੋਟ ਤੋਂ ਇਲਾਵਾ ਹੋਰ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਵੀ ਵੱਡੀ ਸਹੂਲਤ ਮਿਲ ਸਕੇਗੀ।