ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਜਨਵਰੀ
ਕਾਮਾਗਾਟਾਮਾਰੂ ਯਾਦਗਾਰ ਕਮੇਟੀ ਵੱਲੋਂ ਇਜ਼ਰਾਈਲ ਦੀ ਫ਼ਲਸਤੀਨ ਸਿਰ ਮੜ੍ਹੀ ਜੰਗ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਤਹਿਤ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਵੱਲੋਂ 8 ਤੋਂ 14 ਜਨਵਰੀ ਤੱਕ ਰੈਲੀਆਂ ਅਤੇ ਮੁਜ਼ਾਹਰੇ ਕੀਤੇ ਜਾਣਗੇ। ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਸਾਥੀ ਹਰਦੇਵ ਸਿੰਘ ਸਨੇਤ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਜ਼ਰਾਈਲ ਵੱਲੋਂ ਫਲਸਤੀਨ ਸਿਰ ਮੜ੍ਹੀ ਨਿਹੱਕੀ ਜੰਗ ਦੇ ਨਾਜ਼ੁਕ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਐਡਵੋਕੇਟ ਕੁਲਦੀਪ ਸਿੰਘ, ਜਸਦੇਵ ਸਿੰਘ ਲਲਤੋਂ, ਉਜਾਗਰ ਸਿੰਘ ਬੱਦੋਵਾਲ ਤੇ ਹਰਦੇਵ ਸਿੰਘ ਸੁਨੇਤ ਨੇ ਦੱਸਿਆ ਕਿ ਪਿਛਲੇ ਸਾਲ 7 ਅਕਤੂਬਰ ਤੋਂ ਅਮਰੀਕੀ ਸਾਮਰਾਜਵਾਦ ਦੀ ਨੰਗੀ ਚਿੱਟੀ ਫੌਜੀ, ਆਰਥਿਕ ਤੇ ਇਖਲਾਕੀ ਮਦਦ ਨਾਲ ਇਜ਼ਰਾਈਲੀ ਹਮਲਾਵਰਾਂ ਵੱਲੋਂ ਫ਼ਲਸਤੀਨ ਕੌਮ ਵਿਰੁੱਧ ਚਲਾਈ ਜਾ ਰਹੀ ਮਨੁੱਖਤਾ -ਵਿਰੋਧੀ ਵਹਿਸ਼ੀਆਨਾ ਜੰਗ ਵਿੱਚ ਹਸਪਤਾਲਾਂ, ਸਕੂਲਾਂ, ਕਾਲਜਾਂ, ਰਿਫਿਊਜ਼ੀ ਕੈਂਪਾਂ ਤੇ ਰਿਹਾਇਸ਼ੀ ਖੇਤਰਾਂ ’ਤੇ ਬੰਬਾਰੀ ਕੀਤੀ ਜਾ ਰਹੀ ਹੈ।