ਨਿੱਜੀ ਪੱਤਰ ਪ੍ਰੇਰਕ
ਖੰਨਾ, 13 ਜੁਲਾਈ
ਮੀਂਹ ਦੇ ਪਾਣੀ ਦੀ ਮਾਰ ਨਾਲ ਘਰਾਂ ਤੇ ਫਸਲਾਂ ਤਬਾਹ ਹੁੰਦੀਆਂ ਦੇਖ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਪਿੰਡ ਇਸਮੈਲਪੁਰ ਦੇ ਨੌਜਵਾਨ ਇੰਦਰਜੀਤ ਸਿੰਘ ’ਤੇ ਪੁਲੀਸ ਵੱਲੋਂ ਐੱਫਆਈਆਰ ਦਰਜ ਦੀ ਅਕਾਲੀ ਦਲ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਨਿਖੇਧੀ ਕੀਤੀ। ਸ੍ਰੀ ਯਾਦੂ ਨੇ ਕਿਹਾ ਕਿ ਖੰਨਾ ਹਲਕੇ ਦੇ ਕਈ ਪਿੰਡ ਪਿਛਲੇ 2-3 ਦਿਨਾਂ ਤੋਂ ਬੇਸ਼ੁਮਾਰ ਮੀਂਹ ਦਾ ਪਾਣੀ ਆ ਜਾਣ ਕਾਰਨ ਮੁਸ਼ਕਲਾਂ ਵਿਚ ਘਿਰੇ ਹੋਏ ਸਨ। ਪਾਣੀ ਨਾਲ ਇਹ ਬਰਬਾਦੀ ਪ੍ਰਸ਼ਾਸਨ, ਨਗਰ ਕੌਂਸਲ ਤੇ ਸਰਕਾਰੀ ਦੀ ਨਲਾਇਕੀ ਨਾਲ ਹੋਈ, ਜੇ ਡੀਸੀ ਲੁਧਿਆਣਾ ਦੇ ਹੁਕਮਾਂ ਅਨੁਸਾਰ 21 ਜੂਨ ਨੂੰ ਗੈਬ ਦੀ ਪੁਲੀ ਰਾਹੀਂ ਪਾਣੀ ਦੀ ਨਿਕਾਸੀ ਕਰਵਾਈ ਜਾਂਦੀ ਤਾਂ ਇੰਨੀ ਵੱਡੀ ਸਮੱਸਿਆ ਨਹੀਂ ਪੈਦਾ ਹੋਣੀ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਗੂਆਂ ਦਾ ਵਫਦ ਐੱਸਐੱਸਪੀ ਨੂੰ ਮਿਲੇਗਾ ਜੇ ਕੋਈ ਰਾਹਤ ਨਾ ਦਿੱਤੀ ਗਈ ਤਾਂ ਸਰਕਾਰ ਖਿਲਾਫ਼ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਇੰਦਰਜੀਤ ਸਿੰਘ ਦੇ ਪਿਤਾ ਰਣਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ’ਤੇ ਪੁਲੀਸ ਨੇ ਝੂਠਾ ਕੇਸ ਦਰਜ ਕੀਤਾ ਹੈ ਅਤੇ ਇਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਰਾਮ ਸਿੰਘ, ਨਵਦੀਪ ਸਿੰਘ, ਤੇਜਿੰਦਰ ਸਿੰਘ, ਮਨਜੋਤ ਸਿੰਘ, ਜਗਦੀਸ਼ ਸਿੰਘ, ਹਰਪ੍ਰੀਤ ਸਿੰਘ, ਅਰਵਿੰਦਰ ਕੁਮਾਰ ਹਾਜ਼ਰ ਸਨ।