ਪੱਤਰ ਪ੍ਰੇਰਕ
ਸਮਰਾਲਾ, 28 ਫਰਵਰੀ
ਮਹਾਸ਼ਿਵਾਰਤਰੀ ਦੇ ਸਬੰਧ ’ਚ ਅੱਜ ਸ੍ਰੀ ਨੀਲਕੰਠ ਮਹਾਦੇਵ ਸੇਵਾ ਸਮਿਤੀ ਵੱਲੋਂ ਸਥਾਨਕ ਸ੍ਰੀ ਮਹਾਕਲੇਸ਼ਵਰ ਸ਼ਿਵ ਮੰਦਰ ਡੱਬੀ ਬਾਜ਼ਾਰ ਵਿੱਚੋਂ 22ਵੀਂ ਵਿਸ਼ਾਲ ਸ਼ਿਵ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਦੇ ਬਾਜ਼ਾਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਸਦਕਾ ਸਮੁੱਚਾ ਸ਼ਹਿਰ ਹੀ ‘ਸ਼ਿਵਮਈ’ ਰੰਗ ਵਿੱਚ ਰੰਗਿਆ ਨਜ਼ਰ ਆਇਆ। ਇਸ ਮੌਕੇ ਸ਼ਿਵ ਪਰਿਵਾਰ ਨਾਲ ਸਬੰਧਤ ਝਾਕੀਆਂ ਨਾਲ ਸਜੀ ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਦੇ ਦੁਕਾਨਦਾਰਾਂ ਅਤੇ ਹੋਰ ਸ਼ਰਧਾਲੂਆਂ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਕਈ ਥਾਈਂ ਸਵਾਗਤੀ ਗੇਟ ਸਜਾਏ ਗਏ ਸਨ। ਬਾਅਦ ਦੁਪਿਹਰ ਸ੍ਰੀ ਸ਼ਿਵ ਕਲੇਸ਼ਵਰ ਮੰਦਿਰ ਤੋਂ ਸ਼ੁਰੂ ਹੋਈ ਸ਼ਿਵ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚੋਂ ਦੀ ਹੁੰਦੀ ਹੋਈ ਮੁੱਖ ਬਾਜ਼ਾਰ ’ਚ ਪੁੱਜੀ। ਇੱਥੇ ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਨਾਲ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਕਈ ਥਾਈਂ ਲੰਗਰ ਲਗਾਏ ਹੋਏ ਸਨ ਤੇ ਕਈ ਥਾਵਾਂ ’ਤੇ ਤਾਂ ਯਾਤਰਾ ਨੂੰ ਰੋਕ ਕੇ ਸ਼ਿਵ ਭਗਤਾਂ ਵੱਲੋਂ ਸ਼ਰਧਾਲੂਆਂ ਨੂੰ ਫੱਲ, ਮੇਵੇ ਵੀ ਵੰਡੇ ਗਏ। ਸ਼ੋਭਾ ਯਾਤਰਾ ’ਚ ਸ਼ਾਮਲ ਸਮਰਾਲਾ ਹਲਕੇ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ‘ਆਪ’ ਆਗੂ ਜਗਤਾਰ ਸਿੰਘ ਦਿਆਲਪੁਰਾ, ਭਾਜਪਾ ਆਗੂ ਰਣਜੀਤ ਸਿੰਘ ਗਹਿਲੇਵਾਲ, ਐਡਵੋਕੇਟ ਸ਼ਿਵ ਕਲਿਆਣ, ਅਕਾਲੀ ਦਲ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਸੀਨੀਅਰ ਆਗੂ ਹਰਦੀਪ ਸਿੰਘ ਢਿੱਲੋਂ, ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਚੇਅਰਮੈਨ ਸੁਖਵੀਰ ਸਿੰਘ ਪੱਪੀ, ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਸਨੀ ਦੂਆ ਹਾਜ਼ਰ ਸਨ।
ਸ਼ੋਭਾ ਯਾਤਰਾ ਮੌਕੇ ਲੰਗਰ ਲਗਾਇਆ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸ੍ਰੀ ਰਾਮ ਉਤਸਵ ਕਮੇਟੀ ਮਿਲਰ ਗੰਜ ਵੱਲੋਂ 18ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਦਾ ਜੱਸਾ ਸਿੰਘ ਰਾਮਗੜ੍ਹੀਆ ਚੌਕ, ਬਸੰਤ ਪਾਰਕ ਰੋਡ ਵਿੱਚ ਯੂਨਾਈਟਿਡ ਯੂਥ ਫ਼ੈਡਰੇਸ਼ਨ ਦੇ ਮੁਖੀ ਸੋਹਣ ਸਿੰਘ ਗੋਗਾ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ ਅਤੇ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਕਮਲਜੀਤ ਸਿੰਘ ਕੜਵਲ ਨੇ ਜਿੱਥੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਲੋਕਾਂ ਨੂੰ ਲੰਗਰ ਵਰਤਾਇਆ। ਇਸ ਮੌਕੇ ਤੇਜਿੰਦਰ ਸਿੰਘ ਬਾਂਗਾ, ਅਕਾਸ਼ ਵਰਮਾ, ਇਕਬਾਲ ਸਿੰਘ ਰਿਐਤ, ਸਤਵੰਤ ਸਿੰਘ ਮਠਾੜੂ ਹਾਜ਼ਰ ਸਨ।