ਗਗਨਦੀਪ ਅਰੋੜਾ
ਲੁਧਿਆਣਾ, 2 ਜੁਲਾਈ
ਸ਼ਹਿਰ ਵਿਚ ਉੱਚ ਪੱਧਰੀ ਨਾਗਰਿਕ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਕੌਂਸਲਰ ਮਮਤਾ ਆਸ਼ੂ ਨੇ ਵਾਰਡ ਨੰਬਰ-44 ਅਧੀਨ ਫੇਜ਼-2 ਅਰਬਨ ਅਸਟੇਟ ਦੁੱਗਰੀ ਵਿਚ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਵੱਲੋਂ ਨਵੀਂ ਵਿਕਸਤ ਗ੍ਰੀਨ ਬੈਲਟ ਦਾ ਉਦਘਾਟਨ ਕੀਤਾ ਗਿਆ। ਇਹ ਗ੍ਰੀਨ ਬੈਲਟ 41 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਨਿਗਮ ਕੌਂਸਲਰ ਹਰਕਰਨਦੀਪ ਸਿੰਘ ਵੈਦ, ਬਰਜਿੰਦਰ ਕੌਰ ਅਤੇ ਏਕਨੂਰ ਸਿੰਘ ਕੜਵਲ ਦੇ ਨਾਲ ਮਮਤਾ ਆਸ਼ੂ ਨੇ ਕਿਹਾ ਕਿ ਇਹ ਪ੍ਰਾਜੈਕਟ ਇਲਾਕੇ ਦੇ ਵਿਕਾਸ ਵਜੋਂ ਨਵੇਂ ਯੁਗ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵਾਰਡ ਦੇ ਲੋਕਾਂ ਦੀ ਸਹੂਲਤ ਲਈ ਇੱਕ ਓਪਨ ਜਿਮ, ਬੱਚਿਆਂ ਦੇ ਖੇਡਣ ਲਈ ਸਥਾਨ ਅਤੇ ਪਖਾਨੇ ਵੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ ਜੋ ਵਿਕਾਸ ਦੀ ਗਤੀ ਵਿੱਚ ਤੇਜ਼ੀ ਲਿਆਉਣਗੇ।
ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ
ਗੁਰੂਸਰ ਸੁਧਾਰ (ਸੰਤੋਖ ਗਿੱਲ): ਹਲਕਾ ਫ਼ਤਹਿਗੜ੍ਹ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਦੇ ਪੁੱਤਰ ਅਤੇ ਯੂਥ ਕਾਂਗਰਸ ਆਗੂ ਕਾਮਿਲ ਅਮਰ ਸਿੰਘ ਬੋਪਾਰਾਏ ਵੱਲੋਂ ਕਸਬਾ ਨਵੀਂ ਅਬਾਦੀ ਅਕਾਲਗੜ੍ਹ ਦੇ ਵਾਰਡ ਨੰਬਰ 8 ਤੇ 9 ਵਿਚ ਬਣੀਆਂ ਇੰਟਰਲੌਕ ਟਾਈਲਾਂ ਵਾਲੀਆਂ ਗਲੀਆਂ ਦਾ ਉਦਘਾਟਨ ਕਰਨ ਸਮੇਤ ਅੱਬੂਵਾਲ ਰੋਡ ਸਥਿਤ ਵਾਰਡ ਨੰਬਰ ਇਕ, ਦੋ ਅਤੇ ਤਿੰਨ ਦੇ ਨਵੇਂ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਕਾਮਿਲ ਅਮਰ ਸਿੰਘ ਨੇ ਪਿੰਡਾਂ ਅੰਦਰ ਨਵੇਂ ਖੇਡ ਮੈਦਾਨ, ਬਜ਼ੁਰਗਾਂ, ਪਾਰਕ ਨਿਰਮਾਣ ਕਰਵਾਉਣ ਦਾ ਜ਼ਿਕਰ ਕਰਦਿਆਂ ਸਰਕਾਰੀ ਡਿਗਰੀ ਕਾਲਜ ਬੁਰਜ ਹਰੀ ਸਿੰਘ (ਰਾਏਕੋਟ) ਵਿਚ ਜਲਦੀ ਕਲਾਸਾਂ ਸ਼ੁਰੂ ਹੋਣ ਦਾ ਵੀ ਦਾਅਵਾ ਕੀਤਾ।