ਜਗਰਾਉਂ: ਮਹਿਫ਼ਲ-ਏ-ਅਦੀਬ ਦੀ ਮਹੀਨਾਵਾਰ ਇਕੱਤਰਤਾ ਸੰਸਥਾ ਦੇ ਪ੍ਰਧਾਨ ਡਾ. ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸਕੱਤਰ ਜਸਵਿੰਦਰ ਛਿੰਦਾ ਨੇ ਸਭਾ ਦੇ ਮੈਂਬਰਾਂ ਦਾ ਸਵਾਗਤ ਕੀਤਾ। ਉਪਰੰਤ ਸਭਾ ਦੇ ਖਜ਼ਾਨਚੀ ਕੈਪਟਨ ਪੂਰਨ ਸਿੰਘ ਗਗੜਾ ਦੇ ਪਲੇਠੇ ਕਾਵਿ-ਸੰਗ੍ਰਹਿ ‘ਕਰੂੰਬਲਾਂ’ ਨੂੰ ਲੋਕ ਅਰਪਣ ਕਰਨ ਦੀ ਰਸਮ ਅਦੀਬਾਂ ਨੇ ਸਾਂਝੇ ਤੌਰ ’ਤੇ ਗਰਮਜੋਸ਼ੀ ਨਾਲ ਨਿਭਾਈ। ਅਦੀਬ ਰਾਜਿੰਦਰਪਾਲ ਸ਼ਰਮਾ, ਮਹਿੰਦਰ ਸਿੱਧੂ, ਕੁਲਦੀਪ ਲੋਹਟ ਨੇ ‘ਕਰੂੰਬਲਾਂ” ਕਾਵਿ ਸੰਗ੍ਰਹਿ ਬਾਰੇ ਵਿਚਾਰ ਸਾਂਝੇ ਕੀਤੇ। ਕੈਪਟਨ ਗਗੜਾ ਨੇ ‘ਕਰੂੰਬਲਾਂ’ ਲਿਖਣ ਲਈ ਆਪਣੇ ਵਿਛੜੇ ਸਾਥੀ ਅਤੇ ਉੱਘੇ ਕਾਲਮ ਨਵੀਸ ਕਰਨਲ ਗੁਰਦੀਪ ਜਗਰਾਉਂ ਤੋਂ ਮਿਲੀ ਪ੍ਰੇਰਨਾ ਨੂੰ ਯਾਦ ਕੀਤਾ ਅਤੇ ਕਿਤਾਬ ’ਚੋਂ ‘ਰਿਸ਼ਤੇ’ ਕਵਿਤਾ ਸੁਣਾਈ। ਸਮਾਗਮ ਦੇ ਅੰਤਿਮ ਪੜਾਅ ਦੌਰਾਨ ਸਰਦੂਲ ਲੱਖਾ ਨੇ ‘ਠੰਢੀ ਹਵਾ ਦੇ ਸਹਾਰੇ’, ਚਰਨਜੀਤ ਗਗੜਾ ਨੇ ‘ਔਰਤ’, ਗੁਰਦੇਵ ਸੰਦੌੜ ਨੇ ‘ਕਰੂੰਬਲਾਂ’ ਦੀਆਂ ਵੰਨਗੀਆਂ, ਮਨੀ ਹਠੂਰ ਨੇ ਗੀਤ, ਪ੍ਰਿੰ. ਸਰਬਜੀਤ ਭੱਟੀ ਨੇ ਕਵਿਤਾ, ਜਗਦੀਸ਼ਪਾਲ ਮਹਿਤਾ ਨੇ ਰਚਨਾ, ਕਾਨਤਾ ਦੇਵੀ ਨੇ ਗੀਤ ਰਾਹੀਂ ਹਾਜ਼ਰੀ ਭਰੀ। -ਪੱਤਰ ਪ੍ਰੇਰਕ