ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਜੂਨ
ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਪੰਜਾਬੀ ਕਵੀ ਅਮਜ਼ਦ ਆਰਫ਼ੀ ਦੀ ਗ਼ਜ਼ਲ ਪੁਸਤਕ ‘ਚੁੱਪ ਦੀ ਬੁੱਕਲ’ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਨੂੰ ਸਿਰਸਾ ਦੇ ਭੁਪਿੰਦਰ ਪੰਨੀਵਾਲੀਆ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਗ਼ਜ਼ਲ ਪੁਸਤਕ ਨੂੰ ਲੋਕ ਅਰਪਣ ਕਰਦਿਆਂ ਪ੍ਰੋ. ਗਿੱਲ ਨੇ ਕਿਹਾ ਕਿ ਅਮਜ਼ਦ ਆਰਫ਼ੀ ਦੀ ਗ਼ਜ਼ਲ ਵਿੱਚ ਅਜਬ ਜਾਦੂ ਹੈ, ਜਿਸ ਨੂੰ ਪੜ੍ਹਦਿਆਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਜ਼ਿੰਦਗੀ ਨਾਲ ਖਹਿ ਕੇ ਲੰਘ ਰਹੇ ਹੋਈਏ। ਆਸਟਰੇਲੀਆ ਤੋਂ ਆਏ ਲੇਖਕ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ ਨੇ ਕਿਹਾ ਕਿ ਯੂਰਪ ਵਰਗੇ ਦੇਸ਼ ‘ਚ ਵੱਸਦੇ ਲੇਖਕਾਂ ਦੀ ਤਪੱਸਿਆ ਪੰਜਾਬ ਵੱਸਦਿਆਂ ਲੇਖਕਾਂ ਨਾਲੋਂ ਕਿਤੇ ਵੱਧ ਹੈ ਕਿਉਂਕਿ ਉਥੇ ਉਤਸ਼ਾਹ ਦੇਣ ਜਾਂ ਸਲਾਹ ਦੇਣ ਵਾਲੀ ਮੁਹਾਰਤ ਦੀ ਕਮੀ ਹੈ। ਪੰਜਾਬੀ ਗ਼ਜ਼ਲਗੋ ਮਨਜਿੰਦਰ ਧਨੋਆ ਨੇ ਕਿਹਾ ਕਿ ਪਾਕਿਸਤਾਨ ‘ਚ ਲਿਖੀ ਜਾ ਰਹੀ ਪੰਜਾਬੀ ਗ਼ਜ਼ਲ ਨਾਲੋਂ ਆਰਫੀ ਦਾ ਕਲਾਮ ਕਿਸੇ ਤਰ੍ਹਾਂ ਵੀ ਹਲਕਾ ਨਹੀਂ ਹੈ। ਭੁਪਿੰਦਰ ਪੰਨੀਵਾਲੀਆ ਨੇ ਕਿਹਾ ਕਿ ਇਹ ਕਿਤਾਬ ਪਹਿਲਾਂ ਪਾਕਿਸਤਾਨ ਵਿੱਚ ਸ਼ਾਹਮੁਖੀ ਲਿਪੀ ਵਿੱਚ ਛਪੀ ਸੀ ਤੇ ਹੁਣ ਇੱਧਰ ਪੰਜਾਬੀ ਪਾਠਕਾਂ ਲਈ ਪ੍ਰਕਾਸ਼ਿਤ ਕੀਤੀ ਗਈ ਹੈ।