ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਮਾਰਚ
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਬਾਗ਼ਬਾਨੀ ਦੇ ਅਸਿਸਟੈਂਟ ਪ੍ਰੋਫੈਸਰ ਮਹਾਂਵੀਰ ਸਿੰਘ ਸੰਧੂ ਦੇ ਪਲੇਠੇ ਨਾਵਲ ‘ਅੰਬੀਰ’ ਨੂੰ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ‘ਅੰਬੀਰ’ ਦਾ ਸਿਰਜਕ ਮਹਾਂਵੀਰ ਸੰਧੂ ਇਸ ਗੱਲੋਂ ਸੁਭਾਗਾ ਹੈ ਕਿ ਉਸ ਕੋਲ ਖਾਰੇ ਮਾਝੇ ਦੀ ਟਕਸਾਲੀ ਭਾਸ਼ਾ ਅਤੇ ਵਿਗਿਆਨਕ ਸੂਝ ਹਨ। ਦੋਵਾਂ ਦਾ ਸੁਮੇਲ ਬਣਾਈ ਰੱਖਣ ਦੀ ਬਹੁਤ ਲੋੜ ਹੈ ਕਿਉਂਕਿ ਵਿਗਿਆਨਕ ਨਜ਼ਰੀਆ ਅਤੇ ਸੂਝ-ਬੂਝ ਸਮਾਜਿਕ ਯਥਾਰਥ ਨੂੰ ਸਮਝਣ ਵਿੱਚ ਬਹੁਤ ਸਹਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਵਿੱਚ ਪ੍ਰੋ. ਪੁਰਨ ਸਿੰਘ ਤੇ ਡਾ. ਐਮਐਸ ਰੰਧਾਵਾ ਦੀ ਮਿਸਾਲ ਪ੍ਰਮੁੱਖ ਹੈ ਜੋ ਵਿਸ਼ੇ ਪੱਖੋਂ ਬਨਸਪਤੀ ਵਿਗਿਆਨੀ ਸਨ ਪਰ ਲੇਖਕ ਤੇ ਕੁਸ਼ਲ ਖੋਜੀ ਵੀ ਕਮਾਲ ਦੇ ਸਨ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ ਮਾਝੇ ਦੀ ਸ਼ਬਦਾਵਲੀ ਵਰਤ ਕੇ ਜਿੱਥੇ ਮਹਾਂਵੀਰ ਸਿੰਘ ਸੰਧੂ ਨੇ ਆਪਣੇ ਖੇਤਰੀ ਸੱਭਿਆਚਾਰ ਦੀ ਸੰਭਾਲ ਕੀਤੀ ਹੈ, ਉੱਥੇ ਮਾਂ ਬੋਲੀ ਪੰਜਾਬੀ ਦਾ ਵੀ ਸ਼ਬਦ ਭੰਡਾਰ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਵਲ ਰਾਹੀਂ ਮਹਾਂਵੀਰ ਸਿੰਘ ਦਾ ਸਾਹਿਤ ਜਗਤ ਵਿਚ ਚੰਗਾ ਪੈਰ ਧਰਾਵਾ ਹੋ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਖੇਤੀਬਾੜੀ ਕਾਲਜ ਦੇ ਡੀਨ ਡਾ. ਜਗਤਾਰ ਸਿੱਘ ਬੱਲ ਨੇ ਕਿਹਾ ਕਿ ਮਹਾਂਵੀਰ ਸਿੰਘ ਸਮਰਪਿਤ ਅਧਿਆਪਕ ਤਾਂ ਹੈ ਹੀ, ਇਸ ਨਾਵਲ ਦੀ ਰਚਨਾ ਨਾਲ ਉਹ ਜ਼ਿੰਮੇਵਾਰ ਲੇਖਕ ਦੇ ਰੂਪ ਵਿੱਚ ਵੀ ਉੱਸਰੇਗਾ। ਇਸ ਮੌਕੇ ਮਹਾਂਵੀਰ ਸਿੰਘ ਨੇ ਆਪਣੇ ਨਾਵਲ ਦੇ ਸਿਰਜਣ ਤੇ ਕਥਾਨਕ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਨਾਵਲ ਲਿਖ ਕੇ ਉਨ੍ਹਾਂ ਅੰਬੀਰ ਨਾਂ ਦੇ ਬਚਪਨ ਵਿਚ ਮਾਂ ਗੁਆ ਚੁੱਕੇ ਬੱਚੇ ਨਾਲ ਇਨਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਵਲ ਵਿੱਚ ਪੁਰਾਣਾ ਰਿਸ਼ਤਾ ਨਾਤਾ ਪ੍ਰਬੰਧ ਵੀ ਹੈ ਅਤੇ ਵਰਤਮਾਨ ਜੀਵਨ ਚੁਣੌਤੀਆਂ ਵੀ ਹਨ। ਨਾਵਲ ਦੁਨਿਆਵੀ ਵਹਿਮ-ਭਰਮ ਅਤੇ ਛਲ ਕਰਟ ਦੇ ਪਰਛਾਵੇਂ ਹੇਠ ਪਲਦੇ ਲੋਕਾਂ ਦੀ ਬਾਤ ਪਾਉਂਦਾ ਹੈ।
ਮੰਚ ਸੰਚਾਲਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੀਐੱਚਡੀ ਖੋਜ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਕੀਤਾ। ਇਸ ਸਮਾਗਮ ਵਿੱਚ ਡਾ. ਹਰਮੀਤ ਸਿੰਘ ਥਿੰਦ, ਬਲਵਿੰਦਰ ਸਿੰਘ ਬੋਪਾਰਾਏ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ, ਗੁਰਿੰਦਰ ਕਲਸੀ ਆਦਿ ਹਾਜ਼ਰ ਸਨ। ਧੰਨਵਾਦ ਦੇ ਸ਼ਬਦ ਡਾ. ਜਸਪ੍ਰੀਤ ਕੌਰ ਨੇ ਕਹੇ।