ਸਤਵਿੰਦਰ ਬਸਰਾ
ਲੁਧਿਆਣਾ, 22 ਅਗਸਤ
ਰੰਗਮੰਚ ਰੰਗ ਨਗਰੀ ਅਤੇ ਚੇਤਨਾ ਪ੍ਰਕਾਸ਼ਨ ਵੱਲੋਂ ਸਥਾਨਕ ਪੰਜਾਬੀ ਭਵਨ ਵਿੱਚ ਕਰਵਾਏ ਸਮਾਗਮ ਵਿੱਚ ਨੌਜਵਾਨ ਲੇਖਕ ਤਰਸੇਮ ਸਿੰਘ ਦਿਓਗਣ ਦੀ ਪੁਸਤਕ ‘ਮੋਮ ਦਾ ਸ਼ੈਤਾਨ’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਵਿੱਚ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪ੍ਰਧਾਨਗੀ ਮੰਡਲ ਵਿਚ ਪ੍ਰੋ. ਰਵਿੰਦਰ ਭੱਠਲ, ਸੁਖਜੀਤ, ਡਾ. ਨਰਿੰਦਰ ਕੌਰ ਸੰਧੂ, ਏਆਈਜੀ ਕ੍ਰਾਈਮ ਭੁਪਿੰਦਰ ਸਿੰਘ ਸੰਧੂ ਅਤੇ ਡਾ. ਕੇਵਲ ਧੀਰ ਸ਼ਾਮਿਲ ਹੋਏ। ਸਮਾਗਮ ਦੌਰਾਨ ਡਾ. ਪਾਤਰ ਨੇ ਕਿਹਾ ਕਿ ਪੁਸਤਕ ‘ਮੋਮ ਦਾ ਸ਼ੈਤਾਨ’ ਵਿਚ ਸ਼ਾਮਿਲ ਛੇ ਕਹਾਣੀਆਂ ਉਨ੍ਹਾਂ ਨੇ ਖੁਦ ਪੜ੍ਹੀਆਂ ਹਨ। ਕਹਾਣੀਆਂ ਵਧੀਆ ਲਿਖਣ ਲਈ ਲੇਖਕ ਵਧਾਈ ਦਾ ਪਾਤਰ ਹੈ। ਡਾ. ਧੀਰ ਨੇ ਕਿਹਾ ਕਿ ਇਸ ਪੁਸਤਕ ਰਾਹੀਂ ਲੇਖਕ ਨੇ ਪੰਜਾਬੀ ਕਹਾਣੀ ਲੇਖਣ ਦੇ ਪੱਧਰ ਨੂੰ ਹੋਰ ਉੱਚਾ ਕੀਤਾ ਹੈ। ਡਾ. ਸੰਧੂ ਨੇ ਕਿਹਾ ਕਿ ਕਹਾਣੀਆਂ ਇੰਨੀਆਂ ਰੌਚਕ ਹਨ ਕਿ ਪਾਠਕ ਇਨ੍ਹਾਂ ਨੂੰ ਪੜ੍ਹੇ ਬਿਨਾਂ ਨਹੀਂ ਰਹਿ ਸਕਦਾ। ਏਆਈਜੀ ਭੁਪਿੰਦਰ ਸਿੰਘ ਨੇ ਕਿਹਾ ਕਿ ਪੱਤਰਕਾਰੀ ਦੇ ਕਿੱਤੇ ਵਿੱਚੋਂ ਸਮਾਂ ਕੱਢ ਕਿ ਅਜਿਹੀ ਕਿਤਾਬ ਲਿਖਣ ਲਈ ਦਿਓਗਣ ਦੀ ਸ਼ਲਾਘਾ ਕਰਨੀ ਬਣਦੀ ਹੈ। ਸੁਖਜੀਤ ਨੇ ਕਿਹਾ ਕਿ ਉਹ ਲੇਖਕ ਤੋਂ ਭਵਿੱਖ ਵਿੱਚ ਹੋਰ ਵਧੀਆ ਸਾਹਿਤ ਦੀ ਆਸ ਕਰਦੇ ਹਨ। ਲੇਖਕ ਤਰਸੇਮ ਨੇ ਦੱਸਿਆ ਕਿ ਕਿਤਾਬ ਵਿੱਚ ਕੁੱਲ ਛੇ ਵੱਡੀਆਂ ਕਹਾਣੀਆਂ ਹਨ, ਜਿਨ੍ਹਾਂ ’ਚ ਟਾਇਟਲ ਕਹਾਣੀ ‘ਮੋਮ ਦੇ ਸ਼ੈਤਾਨ’ ਵਿੱਚ ਔਰਤ, ਧੀਆਂ ਦੀ ਤਰਾਸਦੀ ਦੇ ਨਾਲ ਨਾਲ ਭ੍ਰਿਸ਼ਟ ਅਤੇ ਗਲਤ ਕੰਮਾਂ ਵਿੱਚ ਫਸੇ ਲੋਕਾਂ ਦੀ ਸੋਚ ਨੂੰ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਪੁਸਤਕ ਵਿੱਚ ‘ਚੰਗੀ ਚੀਜ਼, ਇੱਕ ਖਬਰ ਇਹ ਵੀ, ਛੱਲ, ਹਉਮੈ, ਵਜੀਰ’ ਆਦਿ ਕਹਾਣੀਆਂ ਸ਼ਾਮਿਲ ਹਨ।