ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਸਤੰਬਰ
ਪਰਵਾਸੀ ਸਾਹਿਤ ਅਧਿਐਨ ਕੇਂਦਰ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵਿੱਚ ਅਮਰੀਕਾ ਵੱਸਦੀ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦੀ ਕਹਾਣੀ ਪੁਸਤਕ ‘ਕੋਡ ਬਲੂ’ ਦਾ ਦੂਜਾ ਸੰਸਕਰਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸਪੀ ਸਿੰਘ ਨੇ ਕਿਹਾ ਕਿ ਪਰਵਾਸੀ ਸਾਹਿਤ ਸਿਰਜਕਾਂ ਵਿੱਚੋਂ ਪਰਵੇਜ਼ ਸੰਧੂ ਦਾ ਸਨਮਾਨਿਤ ਮੁਕਾਮ ਹੈ ਕਿਉਂਕਿ ਉਸ ਨੇ ਸੰਵੇਦਨਸ਼ੀਲ ਵਿਸ਼ਿਆਂ ਨੂੰ ਬੜੀ ਬਾਰੀਕੀ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਵੇਜ਼ ਨੇ ਆਪਣੀ ਬੇਟੀ ਸਵੀਨਾ ਦੀ ਯਾਦ ਵਿੱਚ ਸਥਾਪਤ ਸਵੀਨਾ ਪ੍ਰਕਾਸ਼ਨ ਕੈਲੇਫੋਰਨੀਆ ਵੱਲੋਂ ਦੂਜਾ ਸੰਸਕਰਨ ਪ੍ਰਕਾਸ਼ਿਤ ਕੀਤਾ ਹੈ।
ਪੰਜਾਬ ਆਰਟਸ ਕੌਂਸਲ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਪਰਵੇਜ਼ ਸੰਧੂ ਕੋਲ ਦਰਦ ਨੂੰ ਅਨੁਵਾਦ ਕਰਨ ਦੀ ਸਮਰੱਥ ਕਲਾ ਹੈ। ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਰਵੇਜ਼ ਸੰਧੂ ਕਹਾਣੀ ਲਿਖਦੀ ਨਹੀਂ, ਬਾਤ ਪਾਉਂਦੀ ਹੈ। ਪ੍ਰੋਫੈਸਰ ਸ਼ਰਨਜੀਤ ਕੌਰ ਨੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਨੁਵਾਦ ਵਾਲੇ ਸੁਝਾਅ ਨੂੰ ਨੇਪਰੇ ਚਾੜ੍ਹਨ ’ਚ ਲੇਖਿਕਾ ਪਰਵੇਜ਼ ਸੰਧੂ ਨੂੰ ਸਹਿਯੋਗ ਦਿੱਤਾ ਜਾਵੇਗਾ।