ਸਤਵਿੰਦਰ ਬਸਰਾ
ਲੁਧਿਆਣਾ, 27 ਅਪਰੈਲ
ਇੱਥੇ ਅੱਜ ਗਾਇਕਾ ਇਬਾਦਤ ਦਾ ਗਾਇਆ ਅਤੇ ਰਵਿੰਦਰ ਰੰਗੂਵਾਲ ਦਾ ਲਿਖਿਆ ਤੇ ਸੰਗੀਤਬੱਧ ਕੀਤਾ ਡੋਲੀ ਗੀਤ ‘ਧੀਆਂ’ ਲੋਕ ਅਰਪਣ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਸੰਜੀਦਾ ਗਾਇਕੀ ਨਾਲ ਜੁੜਨਾ ਸ਼ੁਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਗੀਤ-ਸੰਗੀਤ ਕਿਸੇ ਕੌਮ ਦੀ ਰੂਹ ਹੁੰਦੀ ਹੈ ਜਿਸ ਵਿੱਚੋਂ ਉਸ ਕੌਮ ਦੇ ਲੋਕਾਂ ਦੇ ਜਨ-ਜੀਵ ਜੀਵਨ ਨੂੰ ਪੜ੍ਹਿਆ ਜਾ ਸਕਦਾ ਹੈ।
ਉਨ੍ਹਾਂ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਸਾਡੇ ਨੌਜਵਾਨ ਵਰਗ ਵਿੱਚ ਸੂਫੀਆਨਾ ਅਤੇ ਸੰਜ਼ੀਦਾ ਸੰਗੀਤ ਪ੍ਰਤੀ ਚੇਤਨਾ ਵੀ ਹੈ ਅਤੇ ਲਗਾਅ ਵੀ ਹੈ। ਉਨ੍ਹਾਂ ਨੇ ਇਬਾਦਤ ਨੂੰ ਵਧਾਈ ਦਿੱਤੀ। ਪੰਜਾਬੀ ਲੋਕ ਗਾਇਕ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਇਬਾਦਤ ਕੋਲ ਜਿੱਥੇ ਸੰਗੀਤ ਦੀ ਸਮਝ ਹੈ ਉੱਥੇ ਉਸ ਕੋਲ ਸੁਰਮਈ ਅਵਾਜ਼ ਅਤੇ ਖੂਬਸੂਰਤ ਅੰਦਾਜ਼ ਵੀ ਹੈ। ਰੰਗਕਰਮੀ ਡਾ. ਨਿਰਮਲ ਜੌੜਾ ਨੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਵਾਲਾ ਗੀਤ-ਸੰਗੀਤ ਹਮੇਸ਼ਾ ਲੋਕ ਮਨਾਂ ਵਿਚ ਵਸਿਆ ਰਹਿੰਦਾ ਹੈ। ਦਲਜੀਤ ਦਿਓਲ ਨੇ ਸਭ ਦਾ ਧੰਨਵਾਦ ਕੀਤਾ।