ਸਤਵਿੰਦਰ ਬਸਰਾ
ਲੁਧਿਆਣਾ, 21 ਮਾਰਚ
ਕੌਮੀ ਸਾਹਿਤ ਤੇ ਕਲਾ ਪਰਿਸ਼ਦ, ਚੇਤਨਾ ਪ੍ਰਕਾਸ਼ਨ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਡਾ. ਸੰਦੀਪ ਕੌਰ ਸੇਖੋਂ ਦੇ ਕਹਾਣੀ ਸੰਗ੍ਰਹਿ ‘ਝਾਂਜਰ ਦੀ ਚੀਸ’ ਨੂੰ ਪੰਜਾਬੀ ਭਵਨ ਵਿੱਚ ਕਰਵਾਏ ਸਮਾਗਮ ਵਿਚ ਲੋਕ ਅਰਪਣ ਕੀਤਾ ਗਿਆ। ਪ੍ਰੋ. ਪਰਮਿੰਦਰ ਸਿੰਘ ਭੋਗਲ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ, ਜਦਕਿ ਸਮਾਗਮ ਦੀ ਪ੍ਰਧਾਨਗੀ ਓਮ ਪ੍ਰਕਾਸ਼ ਗਾਸੋ, ਇੰਦਰਜੀਤ ਪਾਲ ਕੌਰ ਭਿੰਡਰ ਅਤੇ ਪਰਵਾਸੀ ਪੰਜਾਬੀ ਰਾਜ ਝੱਜ ਨੇ ਕੀਤੀ। ਇਸ ਦੌਰਾਨ ਪ੍ਰੋ. ਭੋਗਲ ਨੇ ਕਿਹਾ ਕਿ ਡਾ. ਸੇਖੋਂ ਜਿਥੇ ਸਿੱਖਿਆ ਦੇ ਖੇਤਰ ਵਿਚ ਨਵੀਂ ਪੀੜ੍ਹੀ ਨੂੰ ਗਿਆਨ ਵੰਡ ਰਹੀ ਹੈ, ਉਥੇ ਉਹ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਵੀ ਸਮਾਜ ਨੂੰ ਨਰੋਈ ਸੇਧ ਦੇ ਰਹੀ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਡਾ. ਸੇਖੋਂ ਆਉਣ ਵਾਲੇ ਸਮੇਂ ਵਿਚ ਸਿਰਫ਼ ਔਰਤ ਦੇ ਨਜ਼ਰੀਏ ਤੋਂ ਅਗਾਂਹ ਵਧ ਕੇ ਸਮਾਜ ਲਈ ਹੋਰ ਵੀ ਮਾਅਰਕਾਖੇਜ਼ ਲਿਖਤਾਂ ਲਿਖੇਗੀ। ਸ੍ਰੀ ਗਾਸੋ ਨੇ ਕਿਹਾ ਕਿ ਸ਼ਬਦਾਂ ਦੀ ਇਕ ਸੰਸਕ੍ਰਿਤੀ ਹੁੰਦੀ ਹੈ ਤੇ ਡਾ. ਸੇਖੋਂ ਇਸ ਸੰਸਕ੍ਰਿਤੀ ਨੂੰ ਬਾਖੂਬੀ ਸਮਝਦੀ ਹੈ। ਉਹ ਆਪਣੇ ਲਫਜ਼ਾਂ ਰਾਹੀਂ ਆਪਣੇ ਪਾਤਰਾਂ ਦੀ ਤਾਸੀਰ ਤੇ ਤਮੰਨਾ ਨੂੰ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਹਿਤਕਾਰਾਂ ਦੀਆਂ ਲਿਖਤਾਂ ਸਦੀਆਂ ਤੱਕ ਲੋਕ ਮਨਾਂ ’ਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ। ਇਸ ਮੌਕੇ ਬੀਬੀ ਭਿੰਡਰ ਨੇ ਡਾ. ਸੇਖੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਬਹੁਤ ਹੀ ਸੁਹਜ ਤੇ ਸੂਝ ਭਰੇ ਢੰਗ ਨਾਲ ਗੁਆਚਦੇ ਜਾ ਰਹੇ ਲਫਜ਼ਾਂ ਨੂੰ ਆਪਣੀਆਂ ਕਹਾਣੀਆਂ ਵਿਚ ਪਰੋਇਆ ਹੈ। ਕਿਤਾਬ ਬਾਰੇ ਵਿਚਾਰ ਚਰਚਾ ਦੌਰਾਨ ਭੋਲਾ ਸਿੰਘ ਸੰਘੇੜਾ, ਤਰਸੇਮ ਦਿਓਗਣ, ਪ੍ਰੋ . ਦਵਿੰਦਰ ਜੋਸ਼ੀ, ਬਲਕੌਰ ਸਿੰਘ ਗਿੱਲ, ਡਾ. ਗੁਰਚਰਨ ਕੌਰ ਕੋਛੜ, ਸਰਬਜੀਤ ਮਾਂਗਟ, ਡਾ. ਗੁਲਜ਼ਾਰ ਪੰਧੇਰ, ਗੁਰਦਿਆਲ ਦਲਾਲ, ਸਤਬਿੀਰ ਸਿੰਘ, ਤਰਲੋਚਨ ਨਾਟਕਕਾਰ ਅਤੇ ਹੋਰ ਲੇਖਕਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਟੇਜ ਦੀ ਕਾਰਵਾਈ ਸਤੀਸ਼ ਗੁਲਾਟੀ ਨੇ ਨਿਭਾਈ।