ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਅਕਤੂਬਰ
ਸਥਾਨਕ ਡੀਐਮਸੀਐਚ ਵਿੱਚ ਐੱਮਬੀਬੀਐਸ ਦੀ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਸਮਾਗਮ ਵਿੱਚ ਡੀਐੱਮਸੀਐਚ ਪ੍ਰਬੰਧਕੀ ਸੁਸਾਇਟੀ ਦੇ ਪ੍ਰਧਾਨ ਸੁਨੀਲ ਕਾਂਤ ਮੁੰਜਾਲ, ਪ੍ਰਿੰਸੀਪਲ ਡਾ. ਸੰਦੀਪ ਪੁਰੀ ਅਤੇ ਵਾਈਸ ਪ੍ਰਿੰਸੀਪਲ ਡਾ. ਬਿਸ਼ਵ ਮੋਹਨ ਨੇ ਸ਼ਿਰਕਤ ਕੀਤੀ। ਸੁਸਾਇਟੀ ਦੇ ਪ੍ਰਧਾਨ ਸ੍ਰੀ ਮੁੰਜਾਲ ਨੇ ਨੌਜਵਾਨਾਂ ਗਰੈਜੂਏਟਾਂ ਨੂੰ ਨਵੀਂ ਸ਼ੁਰੂਆਤ ਕਰਨ ਲਈ ਵਧਾਈ ਦਿੱਤੀ। ਪ੍ਰਿੰ. ਸ੍ਰੀ ਪੁਰੀ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ। ਡੀਨ ਅਕਾਦਮੀ ਡਾ. ਸੰਦੀਪ ਕਸ਼ਲ ਨੇ ਕਿਹਾ ਕਿ ਵਿਦਿਆਰਥੀਆਂ ਨੇ ਆਪਣੀਆਂ ਡਿਗਰੀਆਂ ਹਾਸਲ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਹੈ। ਸਮਾਗਮ ਵਿੱਚ ਕੁੱਲ 97 ਨੌਜਵਾਨਾਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ। ਇਨ੍ਹਾਂ ਤੋਂ ਇਲਾਵਾ 66 ਮੈਡੀਕਲ ਵਿਦਿਆਰਥੀਆਂ ਨੂੰ ਪੇਸ਼ੇਵਰ ਪ੍ਰੀਖਿਆਵਾਂ ਵਿੱਚ ਵਧੀਆ ਕਾਰਜਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਵੋਤਮ ਗਰੈਜੂਏਟ ਲਈ ਗੋਲਡ ਮੈਡਲ ਡਾ. ਸੁਖਮਨੀ ਸਿੱਧੂ ਨੂੰ, ਸੈਕਿੰਡ ਬੈਸਟ ਗਰੈਜੂਏਟ ਲਈ ਸਿਲਵਰ ਮੈਡਲ ਡਾ. ਅਨੀਸ਼ਾ ਪੁਰੀ ਅਤੇ ‘ਆਲ ਰਾਊਂਡਰਜ਼ ਐਵਾਰਡ’ ਡਾ. ਸੁਖਮਨੀ ਸਿੱਧੂ ਨੂੰ ਦਿੱਤਾ ਗਿਆ। ਮੁੱਖ ਮਹਿਮਾਨ ਪ੍ਰੋ. ਰਾਜੀਵ ਅਹੂਜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।