ਪੱਤਰ ਪ੍ਰੇਰਕ
ਜਗਰਾਉਂ, 20 ਅਕਤੂਬਰ
ਇਥੇ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਰਸੂਲਪੁਰ ਦੇ ਇੱਕ ਆੜ੍ਹਤੀਏ ਨੂੰ ਹੋਰ ਸੂਬਿਆਂ ਤੋਂ ਲਿਆਂਦੇ ਸਸਤੇ ਝੋਨੇ ਦੇ ਮਾਮਲੇ ’ਚ ਬੇਨਕਾਬ ਕਰਨ ਦਾ ਮਾਮਲਾ ਨਤੀਜੇ ’ਤੇ ਪਹੁੰਚ ਗਿਆ। ਮਾਰਕੀਟ ਕਮੇਟੀ ਦੇ ਸਕੱਤਰ ਜਸ਼ਨਦੀਪ ਸਿੰਘ, ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਸ਼ੁਰੂਆਤ ਕਰਦਿਆਂ ਦੇਹੜਕਾ ਟਰੇਡਿੰਗ ਕੰਪਨੀ ਨੂੰ ਦੋਸ਼ੀ ਕਰਾਰ ਦਿੰਦਿਆਂ ਮਾਲ ਵੀ ਬਰਾਮਦ ਕੀਤਾ ਅਤੇ ਕੰਪਨੀ ਦਾ ਲਾਇਸੈਂਸ ਰੱਦ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ। ਸੂਬਾ ਸਰਕਾਰ ਵੱਲੋਂ ਅਜਿਹੇ ਮਾਮਲਿਆ ਦੀ ਜਾਂਚ ਪੁਲੀਸ ਨੂੰ ਸੌਂਪਣ ਤੇ ਪੁਲੀਸ ਜ਼ਿਲ੍ਹਾ ਲੁਧਿਆਣਾ(ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਨੇ ਵੀ ਸਖ਼ਤ ਕਾਰਵਾਈ ਦੇ ਆਦੇਸ਼ ਜਾਰੀ ਕਰਦਿਆਂ ਸਬੰਧਤ ਧਿਰ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ। ਮਾਰਕੀਟ ਕਮੇਟੀ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਮੰਡੀਆਂ ਦੀ ਰੋਜ਼ਾਨਾ ਜਾਂਚ ਕਰਨ ਦੀਆਂ ਹਦਾਇਤਾਂ ਵਿਭਾਗ ਨੂੰ ਜਾਰੀ ਕਰ ਦਿੱਤੀਆਂ ਹਨ। ਇਹ ਵੀ ਖਬਰ ਹੈ ਕਿ ਇਹ ਕਾਰੋਬਾਰ ਪਿਛਲੇ ਸਾਲਾਂ ਤੋਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਧੜੱਲੇ ਨਾਲ ਚੱਲ ਰਿਹਾ ਹੈ। ਇਸ ਵਾਰ ਖੇਤੀ ਆਰਡੀਨੈਂਸ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾ ਵੱਲੋਂ ਅਰੰਭੇ ਸੰਘਰਸ਼ ਨੇ ਇਸ ਕਾਲੇ ਕਾਰੋਬਾਰ ਤੋਂ ਪੜਦਾ ਚੁੱਕਿਆ ਹੈ। ਇਸ ਕਾਰੋਬਾਰ ’ਚ ਲਿਪਤ ਹਨ ਉਨ੍ਹਾਂ ਦੇ ਹਿੱਸੇ-ਪੱਤੀ ਸਬੰਧੀ ਭਾਂਵੇ ਅਜੇ ਖੁਲਾਸਾ ਨਹੀਂ ਹੋਇਆ ਪ੍ਰੰਤੂ ਵਿਭਾਗ ਨੇ ਸ਼ੈਲਰਾਂ ਅਤੇ ਆੜ੍ਹਤੀਆਂ ਦੇ ਹਿਸਾਬ ਦੀ ਫਰੋਲਾ-ਫਰਾਲੀ ਸ਼ੁਰੂ ਕਰ ਦਿੱਤੀ ਹੈ।