ਰਾਮ ਗੋਪਾਲ ਰਾਏਕੋਟੀ
ਰਾਏਕੋਟ, 16 ਸਤੰਬਰ
ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਦਿੱਲੀ ਪੁਲੀਸ ਵੱਲੋਂ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ, ਸਵਰਾਜ ਮੁਹਿੰਮ ਦੇ ਸੰਚਾਲਕ ਯੋਗੇਂਦਰ ਯਾਦਵ, ਅਰਥ ਸ਼ਾਸਤਰੀ ਜਯੰਤੀ ਘੋਸ਼, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾ ਨੰਦ ਅਤੇ ਫ਼ਿਲਮਸਾਜ਼ ਰਾਹੁਲ ਰਾਏ ਸਮੇਤ ਹੋਰ ਬੁੱਧੀਜੀਵੀਆਂ ਨੂੰ ਦਿੱਲੀ ਦੰਗਿਆਂ ਦੇ ਕੇਸ ਦੀ ਪੂਰਕ ਦੋਸ਼ ਸੂਚੀ ਵਿਚ ਨਾਮਜ਼ਦ ਕਰਨ ਵਿਰੁੱਧ ਅੱਜ ਰਾਏਕੋਟ ਦੀ ਸਬਜ਼ੀ ਮੰਡੀ ਵਿਚ ਸੀਟੂ ਵਰਕਰਾਂ ਨੇ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਪਰਵਾਸੀ ਮਜ਼ਦੂਰਾਂ ਦੇ ਆਗੂ ਵਿਜੈ ਕੁਮਾਰ ਅਤੇ ਗੋਮਤੀ ਪ੍ਰਸਾਦ ਦੀ ਅਗਵਾਈ ਵਿਚ ਸੀਟੂ ਨਾਲ ਸਬੰਧਤ ਮਜ਼ਦੂਰਾਂ ਨੇ ਦਿੱਲੀ ਪੁਲੀਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਆਸੀ ਬਦਲਾਖੋਰੀ ਤਹਿਤ ਹੁਣ ਵਿਰੋਧੀਆਂ ਦੀ ਜ਼ੁਬਾਨਬੰਦੀ ਅਤੇ ਤਾਨਾਸ਼ਾਹੀ ਦਾ ਰਾਹ ਅਖ਼ਤਿਆਰ ਕਰ ਲਿਆ ਹੈ। ਲੋਕਾਂ ਨੂੰ ਝੂਠੇ ਅਤੇ ਮਨਘੜਤ ਦੋਸ਼ਾਂ ਤਹਿਤ ਫਸਾਉਣ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ ਜੋ ਕਿ ਨਿੰਦਨਯੋਗ ਹੈ।
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਕਾਮਾਗਾਟਾ ਮਾਰੂ ਯਾਦਗਾਰ ਕਮੇਟੀ ਨੇ ਵਿਦਿਆਰਥੀ ਆਗੂ ਉਮਰ ਖ਼ਾਲਿਦ ਨੂੰ ਗ੍ਰਿਫ਼ਤਾਰ ਕਰਨ ਅਤੇ 10 ਰੋਜ਼ਾ ਪੁਲੀਸ ਰਿਮਾਂਡ ਲੈ ਕੇ ਦਿੱਲੀ ਪੁਲੀਸ ਅਤੇ ਕੇਂਦਰੀ ਜਾਂਚ ਏਜੰਸੀ ਵੱਲੋਂ ਜ਼ਲੀਲ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਉਜਾਗਰ ਸਿੰਘ ਬੱਦੋਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਬੇਕਸੂਰ ਵਿਦਿਆਰਥੀ ਆਗੂ ਨੂੰ ਬਿਨਾ ਸ਼ਰਤ ਰਿਹਾਅ ਕਰਨ ਅਤੇ ਹੋਰਨਾਂ ਦੇ ਸੰਮਨ ਰੱਦ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਹੀਨ ਬਾਗ਼ ਸਮੇਤ ਦੇਸ਼ ਭਰ ਵਿਚ ਉੱਠੀ ਵੱਡੀ ਲਹਿਰ ਦੇ ਆਗੂਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।