ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਦਸੰਬਰ
ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਅਗਵਾਈ ’ਚ ਅੱਜ ਇਥੇ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਦੇਣ ਦੀ ਮੰਗ ਕੀਤੀ ਗਈ। ਇਸ ਸਬੰਧੀ ਕਾਮਰੇਡ ਹੁਕਮਰਾਜ ਦੇਹੜਕਾ, ਗੁਰਮੇਲ ਸਿੰਘ ਰੂਮੀ, ਪਰਮਜੀਤ ਸਿੰਘ ਕਮਾਲਪੁਰਾ, ਗੁਰਦੀਪ ਸਿੰਘ ਮੋਤੀ, ਬਲਰਾਜ ਸਿੰਘ ਕੋਟਉਮਰਾ ਤੇ ਤੇਜਾ ਸਿੰਘ ਦੀ ਅਗਵਾਈ ’ਚ ਵਫ਼ਦ ਨੇ ਐੱਸਡੀਐੱਮ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ। ਇਸ ’ਚ ਮੰਗ ਕੀਤੀ ਗਈ ਕਿ ਸਰਕਾਰ ਵੱਲੋਂ ਬੇਘਰੇ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਦੀ ਐਲਾਨੀ ਸਕੀਮ ’ਚ ਹੋ ਰਹੀ ਦੇਰੀ ਕਰਕੇ ਬੇਘਰੇ ਲੋਕ ਫਿਕਰਮੰਦ ਹਨ। ਇਨ੍ਹਾਂ ਨੂੰ ਡਰ ਹੈ ਕਿ ਇਸ ਸਰਕਾਰੀ ਸਕੀਮ ਤਹਿਤ ਜੇਕਰ ਅਧਿਕਾਰੀਆਂ ਨੇ ਫੌਰੀ ਅਮਲ ਨਾ ਕੀਤਾ ਤਾਂ ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗ ਜਾਵੇਗਾ। ਚੋਣ ਜ਼ਾਬਤਾ ਲੱਗਣ ਮਗਰੋਂ ਇਹ ਲੋੜਵੰਦ ਲੋਕ ਪਲਾਟਾਂ ਤੋਂ ਵਾਂਝੇ ਰਹਿ ਜਾਣਗੇ। ਆਗੂਆਂ ਨੇ ਇਲਾਕੇ ਦੇ ਪਿੰਡਾਂ ਦੀ ਇਕ ਸੂਚੀ ਵੀ ਜਾਰੀ ਕੀਤੀ ਜਿਥੇ ਇਨ੍ਹਾਂ ਘਰਾਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਕਮਾਲਪੁਰਾ, ਕਾਉਂਕੇ ਖੋਸਾ, ਦੇਹੜਕਾ, ਸ਼ੇਰਪੁਰ ਕਲਾਂ, ਬਿੰਜਲ, ਰੂਮੀ, ਕਾਉਂਕੇ ਕਲਾਂ, ਮਾਣੂੰਕੇ, ਫਤਿਹਗੜ੍ਹ ਸਿਵੀਆ, ਤਲਵੰਡੀ ਰਾਏ ’ਚ ਅਨੇਕਾਂ ਬੇਘਰੇ ਪਰਿਵਾਰ ਹਨ ਜਿਨ੍ਹਾਂ ਨੂੰ ਘਰਾਂ ਲਈ ਪਲਾਟ ਲੋੜੀਂਦੇ ਹਨ। ਕਾਮਰੇਡ ਗੁਰਦੀਪ ਸਿੰਘ ਮੋਤੀ ਤੇ ਕਾਮਰੇਡ ਬਲਰਾਜ ਸਿੰਘ ਕੋਟਉਮਰਾ ਨੇ ਕਿਹਾ ਕਿ ਪਹਿਲਾਂ ਵੀ ਸਰਕਾਰਾਂ ਕਈ ਐਲਾਨ ਕਰਦੀਆਂ ਹਨ ਪਰ ਅਮਲੀ ਰੂਪ ’ਚ ਕੁਝ ਨਹੀਂ ਹੁੰਦਾ।