ਲੁਧਿਆਣਾ (ਖੇਤਰੀ ਪ੍ਰਤੀਨਿਧ):
ਸੀਐਮਸੀ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਜਥੇਬੰਦੀ ਬਰਾਊਨ ਮੈਮੋਰੀਅਲ ਹੋਸਪੀਟਲ ਇੰਪਲਾਇਜ਼ ਯੂਨੀਅਨ ਨੇ ਹਸਪਤਾਲ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਲੋਕ ਸਭਾ ਵੋਟਾਂ ਵਾਲੇ ਦਿਨ 1 ਜੂਨ ਨੂੰ ਛੁੱਟੀ ਸਬੰਧੀ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਦੇ ਜਨਰਲ ਸਕੱਤਰ ਬੀਐਮ ਫਰੈਡਰਿਕ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਸੀਐਮਸੀ ਵਿੱਚ ਵੋਟਾਂ ਵਾਲੇ ਦਿਨਾਂ ਦੌਰਾਨ ਛੁੱਟੀ ਸਬੰਧੀ ਨੋਟਿਸ ਲਗਾ ਕੇ ਸਾਰੇ ਮੁਲਾਜ਼ਮਾਂ ਨੂੰ ਸੂਚਿਤ ਕਰ ਦਿੱਤਾ ਜਾਂਦਾ ਸੀ ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ 500 ਦੇ ਕਰੀਬ ਅਜਿਹੇ ਮੁਲਾਜ਼ਮ ਹਨ ਜਿਹੜੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿੰਦੇ ਹਨ, ਉਹ ਤਾਂ ਸੌਖੇ ਵੋਟ ਪਾ ਸਕਦੇ ਹਨ ਪਰ ਦੂਰ-ਦੁਰਾਡੀਆਂ ਥਾਵਾਂ ਤੋਂ ਨੌਕਰੀ ਕਰਨ ਆਉਂਦੇ ਮੁਲਾਜ਼ਮਾਂ ਨੂੰ ਵੋਟ ਪਾਉਣਾ ਮੁਸ਼ਕਿਲ ਹੋ ਜਾਵੇਗਾ। ਇਸੇ ਤਰ੍ਹਾਂ ਹਸਪਤਾਲ ਦੀ ਕੰਟੀਨ, ਸਕਿਓਰਟੀ ਆਦਿ ਵਿੱਚ ਵੀ 400 ਤੋਂ 500 ਮੁਲਾਜ਼ਮ ਲੱਗੇ ਹੋਏ ਹਨ। ਜੇਕਰ ਪਹਿਲੀ ਜੂਨ ਦੀ ਛੁੱਟੀ ਸਬੰਧੀ ਕੋਈ ਨੋਟਿਸ ਨਾ ਲਾਇਆ ਗਿਆ ਤਾਂ ਇਹ ਸਾਰੇ ਮੁਲਾਜ਼ਮ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਣਗੇ।