ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 17 ਅਪਰੈਲ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਅਗਵਾਈ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦਾ ਵਫ਼ਦ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮਿਲਿਆ ਹੈ, ਜਿਨ੍ਹਾਂ ਨੇ ਪਿੰਡ ਤਲਵੰਡ ਕਲਾਂ ਦੀ ਦਾਣਾ ਮੰਡੀ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਮਾਰਕੀਟ ਕਮੇਟੀ ਮੁੱਲਾਂਪੁਰ ਦੇ ਸਕੱਤਰ ਰੁਮੇਲ ਸਿੰਘ ਨੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਵਫ਼ਦ ਨੂੰ ਪਿੰਡ ਤਲਵੰਡੀ ਕਲਾਂ ਦੀ ਦਾਣਾ ਮੰਡੀ ਮੁੜ ਬਹਾਲ ਕਰਨ ਦਾ ਭਰੋਸਾ ਦਿੰਦੇ ਹੋਏ ਦੱਸਿਆ ਕਿ ਭਾਰਤੀ ਖ਼ੁਰਾਕ ਨਿਗਮ ਦੇ ਨਾਲ ਹੀ ਇਸ ਖ਼ਰੀਦ ਕੇਂਦਰ ਵਿਚ ਪੰਜਾਬ ਦੀ ਇਕ ਖ਼ਰੀਦ ਏਜੰਸੀ ਤਾਇਨਾਤ ਕਰਨ ਲਈ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਨੂੰ ਪੱਤਰ ਭੇਜਿਆ ਜਾ ਰਿਹਾ ਹੈ ਤਾਂ ਕਿ ਇਹ ਖ਼ਰੀਦ ਕੇਂਦਰ ਮੁੜ ਚਾਲੂ ਹੋ ਸਕੇ।
ਕਿਸਾਨ ਅੰਦੋਲਨ ਦੌਰਾਨ ਚੌਂਕੀਮਾਨ ਟੌਲ ਪਲਾਜ਼ਾ ਉੱਪਰ ਲੰਬਾ ਸਮਾਂ ਮੋਰਚਾ ਮੱਲ ਕੇ ਬੈਠੀ ਇਸ ਜਥੇਬੰਦੀ ਨੇ ਤਲਵੰਡੀ ਕਲਾਂ ਦਾਣਾ ਮੰਡੀ ਨੂੰ ਖ਼ਤਮ ਕਰਨ ਵਿਰੁੱਧ ਤਿੱਖਾ ਰੋਸ ਪ੍ਰਗਟ ਕੀਤਾ ਸੀ। ਇਸ ਮੌਕੇ ਆਗਆਂ ਨੇ ਕਿਹਾ ਕਿ ਕਰੀਬ 25 ਸਾਲਾਂ ਤੋਂ ਚੱਲਦੀ ਦਾਣਾ ਮੰਡੀ ਖ਼ਤਮ ਕਰਨ ਨਾਲ ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।