ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਸਤੰਬਰ
ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੀ ਬਲਾਕ ਸਿੱਧਵਾਂ ਬੇਟ ਇਕਾਈ ਦੀ ਇਕੱਤਰਤਾ ਅੱਜ ਨੇੜਲੇ ਪਿੰਡ ਬੰਗਸੀਪੁਰਾ ਵਿਖੇ ਹੋਈ। ਜਸਵੀਰ ਸਿੰਘ ਸੀਰਾ ਤੇ ਛਿੰਦਰਪਾਲ ਸਿੰਘ ਭੂੰਦੜੀ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਪਹੁੰਚੇ ਜਥੇਬੰਦਕ ਸਕੱਤਰ ਸੁਖਦੇਵ ਭੂੰਦੜੀ ਨੇ ਮਜ਼ਦੂਰਾਂ ਲਈ ਪੱਕੇ ਰੁਜ਼ਗਾਰ ਅਤੇ ਪੈਨਸ਼ਨ ਦੀ ਮੰਗ ਕੀਤੀ। ਉਨ੍ਹਾਂ ਹਾਜ਼ਰ ਮਜ਼ਦੂਰਾਂ ਨੂੰ ਜਥੇਬੰਦੀ ਦੀਆਂ ਨੀਤੀਆਂ ਬਾਰੇ ਵਿਸਥਾਰ ’ਚ ਦੱਸਿਆ ਅਤੇ ਹੱਕਾਂ ਦੀ ਪੂਰਤੀ ਲਈ ਜਥੇਬੰਦ ਹੋਣ ਲਈ ਪ੍ਰੇਰਿਆ। ਆਮ ਸਹਿਮਤੀ ਨਾਲ ਪਿੰਡ ਦੀ ਗਿਆਰਾਂ ਮੈਂਬਰੀ ਕਮੇਟੀ ਚੁਣੀ ਗਈ। ਇਸ ’ਚ ਪੰਜ ਅਹੁਦੇਦਾਰ ਵੀ ਚੁਣੇ ਗਏ। ਇਸ ਵਿੱਚ ਜਸਵੀਰ ਸਿੰਘ ਪ੍ਰਧਾਨ, ਸੁਰਿੰਦਰ ਸਿੰਘ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਸਕੱਤਰ, ਜਗਰੂਪ ਸਿੰਘ ਖਜ਼ਾਨਚੀ, ਹਰਦੇਵ ਸਿੰਘ ਸਹਾਇਕ ਸਕੱਤਰ ਸ਼ਾਮਲ ਹਨ। ਇਸ ਤੋਂ ਇਲਾਵਾ ਰੁਲਦੂ ਸਿੰਘ, ਤਰਸੇਮ ਸਿੰਘ, ਹਰਮਨਜੀਤ ਸਿੰਘ, ਨਵਜੋਤ ਸਿੰਘ, ਦਲਜੀਤ ਸਿੰਘ, ਬਸੰਤ ਸਿੰਘ, ਸਵਰਨ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ, ਬਲਰਾਜ ਸਿੰਘ ਤੇ ਮੁਖਤਿਆਰ ਸਿੰਘ ਮੈਂਬਰ ਚੁਣੇ ਗਏ। ਇਸ ਸਮੇਂ ਬੁਲਾਰਿਆਂ ਨੇ ਮਜ਼ਦੂਰਾਂ ਦੀਆਂ ਮੰਗਾਂ ’ਤੇ ਮਸਲਿਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਹਰੇਕ ਮਜ਼ਦੂਰ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ, ਸਾਰੇ ਮਜ਼ਦੂਰਾਂ ਨੂੰ ਗੁਜ਼ਾਰੇਯੋਗ ਪੈਨਸ਼ਨ ਦਿੱਤੀ ਜਾਵੇ, ਹਰ ਮਜ਼ਦੂਰ ਦੀ ਦਿਹਾੜੀ ਮਹਿੰਗਾਈ ਮੁਤਾਬਕ ਵਧਾਈ ਜਾਵੇ। ਸਿਹਤ ਸਿੱਖਿਆ ਮੁਫ਼ਤ ਦੇਣ ਤੋਂ ਇਲਾਵਾ ਔਰਤਾਂ ਦੀ ਦਿਹਾੜੀ ਮਰਦਾਂ ਬਰਾਬਰ ਕਰਨ ਦੀ ਵੀ ਮੰਗ ਕੀਤੀ ਗਈ। ਇਸੇ ਤਰ੍ਹਾਂ ਮਨਰੇਗਾ ’ਚ ਸਾਰਾ ਸਾਲ ਕੰਮ ਦੇਣ ਅਤੇ ਇਹ ਦਿਹਾੜੀ ਸੱਤ ਸੌ ਰੁਪਏ ਕਰਨ ਦੀ ਮੰਗ ਕੀਤੀ।