ਪੱਤਰ ਪ੍ਰੇਰਕ
ਪਾਇਲ, 15 ਜੁਲਾਈ
ਇੱਥੋਂ ਦੇ ਪਿੰਡਾਂ-ਸ਼ਹਿਰਾਂ ਵਿੱਚ ਵਿਕ ਰਹੇ ਸਿੰਥੈਟਿਕ ਚਿੱਟੇ ਨਸ਼ੇ ਦੇ ਵੱਧ ਰਹੇ ਸੰਕਟ ਸਬੰਧੀ ਯੂਥ ਕਲੱਬ ਸਿਹੌੜਾ, ਗਰਾਮ ਪੰਚਾਇਤ, ਬੀਕੇਯੂ ਅਤੇ ਪਿੰਡ ਵਾਸੀਆਂ ਵੱਲੋਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਮੰਗ ਪੱਤਰ ਦਿੱਤਾ ਗਿਆ। ਯੂਥ ਕਲੱਬ ਸਿਹੌੜਾ ਦੇ ਪ੍ਰਧਾਨ ਜਥੇ ਚਰਨ ਸਿੰਘ ਅਤੇ ਸਮਾਜਸੇਵੀ ਜਗਜੀਵਨ ਸਿੰਘ ਕਾਲਾ ਨੇ ਦੱਸਿਆ ਪਿੰਡਾਂ ਵਿੱਚ ਚਿੱਟੇ ਸਿੰਥੈਟਿਕ ਨਸ਼ੇ ਦੀ ਵਰਤੋਂ ਤੇ ਤਸਕਰੀ ਦਿਨੋਂ ਦਿਨ ਵੱਧ ਰਹੀ ਹੈ। ਉਨ੍ਹਾਂ ਸਰਕਾਰ ਦਾ ਇਸ ਗੰਭੀਰ ਮੁੱਦੇ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਸੁਦਾਗਰਾਂ ’ਤੇ ਸਖਤੀ ਵਰਤੀ ਜਾਵੇ, ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਦਾ ਸਰਕਾਰ ਵੱਲੋਂ ਮੁਫਤ ਇਲਾਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਵਿੱਚ ਬਣੀਆਂ ਡਿਸਪੈਂਸਰੀਆਂ ਵਿੱਚ ਨਸ਼ਾ ਛੁਡਾਊ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਸਿਹੌੜਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਿਹੌੜਾ ਵਾਸੀਆਂ ਵੱਲੋਂ ਪਿੰਡ ਦੇ ਵਾਲੰਟੀਅਰਾਂ ਦੀ ਇੱਕ ਟੀਮ ਬਣਾਈ ਗਈ ਹੈ ਜੋ ਨਸ਼ਾ ਤਸਕਰਾਂ ਨੂੰ ਫੜ ਕੇ ਪੁਲੀਸ ਹਵਾਲੇ ਕਰਦੀ ਹੈ।