ਪੱਤਰ ਪ੍ਰੇਰਕ
ਪਾਇਲ, 15 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਐੱਸਡੀਐੱਮ ਪਾਇਲ ਨੂੰ ਕਿਸਾਨੀ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਮੰਗ ਪੱਤਰ ਦਿੱਤਾ ਗਿਆ, ਜੋ ਨਾਇਬ ਤਹਿਸੀਲਦਾਰ ਜਗਦੀਪ ਇੰਦਰ ਸਿੰਘ ਸੋਢੀ ਨੇ ਪ੍ਰਾਪਤ ਕੀਤਾ।
ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਅਤੇ ਬਲਾਕ ਪ੍ਰਧਾਨ ਪਰਮਵੀਰ ਸਿੰਘ ਘਲੋਟੀ ਨੇ ਦੱਸਿਆ ਕਿ ਤਹਿਸੀਲ ਪਾਇਲ ’ਚ ਪਟਵਾਰੀਆਂ ਵੱਲੋਂ ਵਾਧੂ ਸਰਕਲਾਂ ਦੇ ਕੰਮ ਬੰਦ ਕਰਨ ਨਾਲ ਕਿਸਾਨਾਂ ਅਤੇ ਆਮ ਲੋਕਾਂ ਨੂੰ ਰੋਜ਼ਾਨਾ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਆਮ ਲੋਕ ਵਾਰ-ਵਾਰ ਆਪਣੀਆਂ ਸਮੱਸਿਆਵਾਂ ਦੇ ਸਬੰਧ ’ਚ ਜਥੇਬੰਦੀ ਨਾਲ ਸੰਪਰਕ ਕਰ ਰਹੇ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪਟਵਾਰੀਆਂ ਦੀਆਂ ਮੰਗਾਂ ਮੰਨੀਆਂ ਜਾਣ, ਵਾਧੂ ਪਏ ਸਰਕਲਾਂ ਵਿੱਚ ਤੁਰੰਤ ਪਟਵਾਰੀ ਭਰਤੀ ਕੀਤੇ ਜਾਣ, ਕੱਚੇ ਪਟਵਾਰੀਆਂ ਨੂੰ ਤੁਰੰਤ ਪੱਕੇ ਕੀਤਾ ਜਾਵੇ।
ਇਸ ਮੌਕੇ ਹਾਕਮ ਸਿੰਘ ਜਰਗੜੀ, ਦਵਿੰਦਰ ਸਿੰਘ ਘਲੋਟੀ, ਕੁਲਦੀਪ ਸਿੰਘ, ਪਰਮਜੀਤ ਸਿੰਘ ਘੁਡਾਣੀ ਕਲਾਂ, ਮਨਪ੍ਰੀਤ ਸਿੰਘ, ਹਰਦੇਵ ਸਿੰਘ, ਨਿਰਮਲ ਸਿੰਘ ਬਿਲਾਸਪੁਰ ਹਾਜ਼ਰ ਸਨ।