ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਫਰਵਰੀ
ਇਥੇ ਸ਼ਹੀਦਾਂ ਬੁੱਤ ਦੀ ਹੋ ਬੇਕਦਰੀ ਖ਼ਿਲਾਫ਼ ਸਮਾਜਿਕ ਸੰਸਥਾ ਨਵੀ ਸਵੇਰ ਦੇ ਆਗੂ ਜਗਜੀਤ ਸਿੰਘ ਮਾਨ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ 1965 ਦੀ ਜੰਗ ਵਿੱਚ ਮਹਾਵੀਰ ਚੱਕਰ ਪ੍ਰਾਪਤ ਮੇਜਰ ਭੁਪਿੰਦਰ ਸਿੰਘ ਤੇ 1971 ਦੀ ਜੰਗ ਵਿੱਚ ਪਰਮਵੀਰ ਚੱਕਰ ਪ੍ਰਾਪਤ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਅਤੇ ਆਜ਼ਾਦੀ ਲਈ ਆਪਾ ਕੁਰਬਾਨ ਕਰਨ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸ਼ਹਿਰ ਵਿੱਚ ਸਥਾਪਿਤ ਕੀਤੇ ਗਏ ਸਨ। ਸ਼ਹਿਰ ਦੇ ਬੇਤਰਤੀਬੇ ਵਿਕਾਸ ਕਾਰਨ ਇਨ੍ਹਾਂ ਬੁੱਤਾਂ ਨੂੰ ਵੱਖ-ਵੱਖ ਥਾਵਾਂ ਉਪਰ ਬਦਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਵਾਰੀ ਹੀ ਬਦਲਿਆ ਜਾਂਦਾ ਤਾਂ ਗੱਲ ਸਮਝ ਵਿੱਚ ਆ ਸਕਦੀ ਹੈ ਪਰ ਇਨ੍ਹਾਂ ਬੁੱਤਾਂ ਨੂੰ ਅਨੇਕਾਂ ਵਾਰੀ ਬੇਲੋੜੀਆਂ ਥਾਵਾਂ ’ਤੇ ਤਬਦੀਲ ਕੀਤਾ ਗਿਆ ਹੈ। ਸੰਸਥਾ ਦੇ ਆਗੂਆਂ ਰੁਪਿੰਦਰਪਾਲ ਸਿੰਘ ਗਿੱਲ, ਪ੍ਰਭਜੀਤ ਸਿੰਘ ਰਸੂਲਪੁਰ, ਨਰਿੰਦਰ ਸਿੰਘ ਜੰਡਿਆਲੀ, ਰੋਹਿਤ ਕੁਮਾਰ ਅਵਸਥੀ, ਅਮਨ ਖੇੜਾ, ਅਨਿਲ ਕੁਮਾਰ ਅਤੇ ਤੇਜਪ੍ਰਤਾਪ ਸਿੰਘ ਮਾਨ ਨੇ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਦੇ ਸਬੰਧਤ ਮੰਤਰਾਲੇ ਨੂੰ ਲੁਧਿਆਣਾ ਜ਼ਿਲ੍ਹੇ ਵਿੱਚ ਸ਼ਹੀਦਾਂ ਦੇ ਸਨਮਾਨ ਤੇ ਉਨ੍ਹਾਂ ਦੇ ਬੁੱਤ ਲਈ ਪਾਰਕ ਜਾਂ ਗੈਲਰੀ ਸਥਾਪਿਤ ਕਰਨ ਹਿਤ ਪੱਤਰ ਲਿਖਿਆ ਜਾਵੇਗਾ ਜਦਕਿ ਪ੍ਰਸ਼ਾਸਨ ਨੂੰ ਇਨ੍ਹਾਂ ਬੁੱਤਾਂ ਦੁਆਲੇ ਦੀ ਸਾਫ-ਸਫ਼ਾਈ ਸਬੰਧੀ ਮੰਗ ਪੱਤਰ ਸੌਂਪਿਆ ਜਾਵੇਗਾ।