ਖੇਤਰੀ ਪ੍ਰਤੀਨਧ
ਲੁਧਿਆਣਾ, 26 ਸਤੰਬਰ
ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਲਗਪਗ 70 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਪੱਖੋਵਾਲ ਰੋਡ ਸਥਿਤ ਇਨਡੋਰ ਸਟੇਡੀਅਮ ਦਾ ਬੁਨਿਆਦੀ ਤੌਰ ’ਤੇ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਗਿਆ ਸੀ। ਸਾਲ 2016 ਵਿਚ ਉਦਘਾਟਨ ਵੇਲੇ ਸਿਰਫ਼ ਇਨਡੋਰ ਸਟੈਡੀਅਮ ਹੀ ਅੰਕਿਤ ਕੀਤਾ ਗਿਆ, ਜੋ ਗ਼ਲਤ ਹੈ।
ਸ੍ਰੀ ਗਿੱਲ ਨੇ ਲਿਖਿਆ ਕਿ ਇਹ ਸਟੇਡੀਅਮ ਜਵੱਦੀ ਕਲਾਂ (ਲੁਧਿਆਣਾ) ਪਿੰਡ ਦੀ ਸ਼ਾਮਲਾਟ ਵਿੱਚ ਹੁੰਦਾ ਸੀ, ਜਿੱਥੇ ਸ਼ਹੀਦ ਭਗਤ ਸਿੰਘ ਸਪੋਰਟਸ ਤੇ ਕਲਚਰਲ ਕਲੱਬ ਵੱਲੋਂ 1994 ਤੋਂ 1999 ਤਕ ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਫੁਟਬਾਲ ਟੂਰਨਾਮੈਂਟ ਕਰਵਾਇਆ ਜਾਂਦਾ ਸੀ। 1999 ਵਿੱਚ ਇੱਥੇ ਆਧੁਨਿਕ ਸਹੂਲਤਾਂ ਵਾਲਾ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਵਿੱਚ ਰਾਸ਼ਟਰੀ ਮਿਆਰਾਂ ਵਾਲੀ ਫੁੱਟਬਾਲ ਗਰਾਊਂਡ ਤੇ 400 ਮੀਟਰ ਦਾ ਟਰੈਕ ਬਣਨ ਕਰ ਕੇ ਇਸ ਪ੍ਰਾਜੈਕਟ ਨੂੰ ਨਗਰ ਨਿਗਮ ਨੇ ਸ਼ਹੀਦ ਭਗਤ ਸਿੰਘ ਇਨਡੋਰ ਸਟੇਡੀਅਮ ਵਿੱਚ ਤਬਦੀਲ ਕਰ ਲਿਆ। ਇਹ ਪ੍ਰਾਜੈਕਟ 2016 ਤਕ ਮੁਕੰਮਲ ਹੋਇਆ। ਉਦੋਂ ਦੀ ਅਕਾਲੀ-ਭਾਜਪਾ ਸਰਕਾਰ ਨੇ ਇਸ ਦਾ ਨਾਮਕਰਨ ਅੰਕਿਤ ਕਰਨ ਲੱਗਿਆਂ ਸਿਰਫ਼ ਇਨਡੋਰ ਸਟੇਡੀਅਮ ਲਿਖ ਦਿੱਤਾ ਤੇ ਕਾਹਲੀ ਵਿੱਚ ਉਦਘਾਟਨ ਵੀ ਕਰਵਾ ਲਿਆ। ਸ੍ਰੀ ਗਿੱਲ ਨੇ ਕਿਹਾ ਕਿ ਨਿਗਮ ਦੀ ਕੋਤਾਹੀ ਨੂੰ ਹੁਣ ਵੀ ਰਿਕਾਰਡ ਮੁਤਾਬਕ ਸੋਧਿਆ ਜਾ ਸਕਦਾ ਹੈ। ਸ੍ਰੀ ਗਿੱਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਸਾਬਕਾ ਕੌਂਸਲਰ ਤਨਵੀਰ ਸਿੰਘ ਧਾਲੀਵਾਲ ਤੇ ਜਗਬੀਰ ਸਿੰਘ ਸੋਖੀ, ਗਾਇਕ ਸੁਰਿੰਦਰ ਛਿੰਦਾ ਤੇ ਕੁੱਕੂ ਬਾਜਵਾ ਜਰਮਨੀ ਨੇ ਵੀ ਸੋਧ ਦੀ ਬੇਨਤੀ ਕੀਤੀ ਹੈ।