ਰਾਮ ਗੋਪਾਲ ਰਾਏਕੋਟੀ
ਰਾਏਕੋਟ, 1 ਜੁਲਾਈ
ਲੋਕ ਸਭਾ ਮੈਂਬਰ ਫਤਹਿਗੜ੍ਹ ਸਾਹਿਬ ਡਾ. ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਵਿੱਚ ਕੇਂਦਰੀ ਸੈਰ ਸਪਾਟਾ ਸਕੱਤਰ ਅਰਵਿੰਦ ਸਿੰਘ ਨਾਲ ਮੁਲਾਕਾਤ ਕਰਕੇ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਕੌਮਾਂਤਰੀ ਤੀਰਥ ਯਾਤਰਾ ਕੇਂਦਰ ਵਜੋਂ ਵਿਕਸਤ ਕਰਨ ਅਤੇ ਇਸ ਨੂੰ ਕੌਮਾਂਤਰੀ ਤੀਰਥ ਯਾਤਰਾ ਸਰਕਟ ਦਾ ਹਿੱਸਾ ਬਣਾਉਣ ਦੀ ਆਪਣੀ ਮੰਗ ਦੁਹਰਾਈ ਹੈ। ਉਨ੍ਹਾਂ ਅਪੀਲ ਕੀਤੀ ਕਿ ਫਤਹਿਗੜ੍ਹ ਸਾਹਿਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਘੱਟੋ-ਘੱਟ 100 ਕਰੋੜ ਰੁਪਏ ਦਿੱਤੇ ਜਾਣ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨਾਲ ਸਬੰਧਤ ਸਾਰੀਆਂ ਥਾਵਾਂ ਨੂੰ ਰੇਲ ਅਤੇ ਹਵਾਈ ਮਾਰਗ ਰਾਹੀਂ ਵਧੇਰੇ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਨੇ ਅਰਵਿੰਦ ਸਿੰਘ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਚਾਨਣਾ ਪਾਉਂਦਿਆਂ ਸ੍ਰੀ ਫਤਹਿਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਦੁਨੀਆਂ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਦੀ ਕੋਈ ਵੀ ਹੋਰ ਤੁਲਨਾਤਮਕ ਘਟਨਾ ਨਹੀਂ ਹੈ।