ਦੇਵਿੰਦਰ ਸਿੰਘ ਜੱਗੀ
ਪਾਇਲ, 31 ਅਗਸਤ
ਇਲਾਕੇ ਦੇ ਲੋਕਾਂ ਨੂੰ ਦੋਰਾਹਾ ਰੇਲਵੇ ਸਟੇਸ਼ਨ ’ਤੇ ਰੇਲ ਗੱਡੀਆਂ ਨਾ ਰੁਕਣ ਕਰਕੇ ਦਰਪੇਸ਼ ਮੁਸ਼ਕਲਾਂ ਹੱਲ ਕਰਵਾਉਣ ਲਈ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ‘ਆਪ’ ਦੇ ਸੀਨੀਅਰ ਆਗੂ ਆੜ੍ਹਤੀ ਅਵਿਨਾਸ਼ ਪ੍ਰੀਤ ਸਿੰਘ ਜੱਲਾ ਅਤੇ ਪੀਏ ਮਨਜੀਤ ਸਿੰਘ ਡੀਸੀ ਨੇ ਨਾਰਥਨ ਰੇਲਵੇ ਵਿਭਾਗ ਅੰਬਾਲਾ ਦੇ ਡੀਆਰਐੱਮ ਗੁਰਿੰਦਰ ਮੋਹਣ ਸਿੰਘ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਦੱਸਿਆ ਕਿ ਅੰਬਾਲਾ ਤੋਂ ਲੁਧਿਆਣਾ, ਨਵੀਂ ਦਿੱਲੀ ਤੋਂ ਅੰਮ੍ਰਿਤਸਰ, ਅੰਬਾਲਾ ਤੋਂ ਜਲੰਧਰ, ਜੈ ਨਗਰ ਤੋਂ ਅੰਮ੍ਰਿਤਸਰ, ਨਵੀਂ ਦਿੱਲੀ ਤੋਂ ਜਲੰਧਰ, ਅੰਮ੍ਰਿਤਸਰ ਤੋਂ ਅੰਬਾਲਾ, ਅੰਮ੍ਰਿਤਸਰ ਤੋਂ ਬਿਲਾਸਪੁਰ ਆਉਣ-ਜਾਣ ਵਾਲੀਆਂ ਰੇਲਗੱਡੀਆਂ ਦੋਰਾਹਾ ਸਟੇਸ਼ਨ ’ਤੇ ਨਾ ਰੁਕਣ ਕਰਕੇ ਮੁਸਾਫਿਰਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ, ਜਿਸ ਦੇ ਹੱਲ ਲਈ ਰੇਲਵੇ ਵਿਭਾਗ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਆਗੂਆਂ ਨੇ ਦੱਸਿਆ ਕਿ ਡੀਆਰਐੱਮ ਅੰਬਾਲਾ ਗੁਰਿੰਦਰ ਮੋਹਣ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਮੁਸਾਫਿਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ। ਰੇਲਾਂ ਰੁਕ ਕੇ ਜਾਣ ਦਾ ਸਮਾਂ ਜਲਦੀ ਹੀ ਸੂਚੀਬੱਧ ਕੀਤਾ ਜਾਵੇਗਾ।