ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਅਕਤੂਬਰ
ਸਤੰਬਰ ਮਹੀਨੇ ਫੌਜ ’ਚ ਭਰਤੀ ਲਈ ਹੋਣ ਵਾਲੇ ਪੇਪਰਾਂ ’ਚ ਲਗਾਤਾਰ ਹੋ ਰਹੀ ਦੇਰੀ ਨਾਲ ਉਮੀਦਵਾਰਾਂ ਵਿੱਚ ਰੋਸ ਫੈਲ ਰਿਹਾ ਹੈ। ਸੋਮਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਉਮੀਦਵਾਰਾਂ ਵੱਲੋਂ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਤੇ ਜਲਦੀ ਤੋਂ ਜਲਦੀ ਪੇਪਰ ਕਵਾਉਣ ਦੀ ਮੰਗ ਕੀਤੀ ਗਈ ਤਾਂ ਜੋ ਪੇਪਰ ਦੇਣ ਵਾਲੇ ਵਿਦਿਆਰਥੀ ਆਪਣਾ ਭਵਿੱਖ ਸਵਾਰ ਸਕਣ। ਪ੍ਰਦਰਸ਼ਨ ਦੌਰਾਨ ਉਮੀਦਵਾਰਾਂ ਨੇ ਆਪਣਾ ਰੋਸ ਤਾਂ ਜ਼ਾਹਰ ਕੀਤਾ ਹੀ, ਇਸ ਦੇ ਨਾਲ ਹੀ ਉਨ੍ਹਾਂ ਡਿਪਟੀ ਕਮਿਸ਼ਨਰ ਦੇ ਰਾਹੀਂ ਆਪਣਾ ਮੰਗ ਪੱਤਰ ਸਰਕਾਰ ਨੂੰ ਭੇਜਿਆ। ਜਿਨ੍ਹਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੇਪਰ ਸਬੰਧੀ ਉਪਰ ਲਿਖ ਕੇ ਭੇਜਣ ਦਾ ਭਰੋਸਾ ਦੇ ਕੇ ਵਾਪਸ ਭੇਜਿਆ।
ਪ੍ਰਦਰਸ਼ਨਕਾਰੀ ਸੋਮਵਾਰ ਦੀ ਸਵੇਰੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੁੱਜੇ ਤੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬੀਤੇ ਸਾਲ ਦੇ ਨੌਂਵੇ ਮਹੀਨੇ ਵਿੱਚ ਭਰਤੀ ਕੱਢੀ ਸੀ ਤੇ ਭਰਤੀ ਲਈ ਪੇਪਰ ਹੋਣੇ ਸਨ। ਜਦੋਂ ਪੇਪਰ ਦਾ ਸਮਾਂ ਨਜ਼ਦੀਕ ਆਇਆ ਤਾਂ ਉਮੀਦਵਾਰਾਂ ਨੂੰ ਅੱਗੇ ਦੀ ਤਰੀਕ ਦੇ ਦਿੱਤੀ ਜਾਂਦੀ ਹੈ। ਲਗਾਤਾਰ ਉਨ੍ਹਾਂ ਨੂੰ ਲਟਕਾਇਆ ਜਾ ਰਿਹਾ ਹੈ। ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਪੇਪਰ ਰੱਦ ਕਰ ਦਿੱਤਾ ਜਾਂਦਾ ਹੈ। ਇਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹਨ ਤੇ ਕੋਈ ਕੰਮ ਵੀ ਨਹੀਂ ਹੋ ਰਿਹਾ। ਇਸ ਦੇ ਚੱਲਦੇ ਅੱਜ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ ਤੇ ਮੰਗਾਂ ਨੂੰ ਲੈ ਕੇ ਉਨ੍ਹਾਂ ਨੇ ਮੰਗ ਪੱਤਰ ਵੀ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਫੌਜ ਭਰਤੀ ਦੇ ਪੇਪਰ ਜਲਦੀ ਲਏ ਜਾਣ ਤਾਂ ਕਿ ਉਨ੍ਹਾਂ ਦਾ ਅੱਗੇ ਦਾ ਕੰਮ ਆਸਾਨੀ ਨਾਲ ਹੋ ਸਕੇ ਤੇ ਆਪਣੇ ਭਵਿੱਖ ਨੂੰ ਉਹ ਸਹੀ ਦਿਸ਼ਾ ’ਚ ਲਿਜਾ ਸਕਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਪੇਪਰ ਨੂੰ ਲੈ ਕੇ ਕਲੀਅਰ ਕਰੇ ਕਿ ਪੇਪਰ ਹੋਣਗੇ ਜਾਂ ਨਹੀਂ। ਜੇ ਹੋਣਗੇ ਤਾਂ ਕਦੋਂ ਅਤੇ ਜੇ ਨਹੀਂ ਹੋਣੇ ਤਾਂ ਉਹ ਕੋਈ ਹੋਰ ਕੰਮ ਕਰਨ।