ਸੰਤੋਖ ਗਿੱਲ
ਰਾਏਕੋਟ, 27 ਅਕਤੂਬਰ
ਕਣਕ ਅਤੇ ਆਲੂਆਂ ਦੀ ਬਿਜਾਈ ਲਈ ਮਾਰਕਫੈੱਡ ਵੱਲੋਂ ਡੀਏਪੀ ਖਾਦ ਦੀ ਕੀਤੀ ਜਾ ਰਹੀ ਕਾਣੀ ਵੰਡ ਤੋਂ ਦੁਖੀ ਹੋਏ ਰਾਏਕੋਟ ਹਲਕੇ ਦੀਆਂ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ ਨੇ ਅੱਜ ਸਥਾਨਕ ਮਾਰਕਫੈੱਡ ਡਿੱਪੂ ਦੇ ਮੁੱਖ ਦਫ਼ਤਰ ਸਾਹਮਣੇ ਅਣਮਿੱਥੇ ਸਮੇਂ ਦਾ ਧਰਨਾ ਲਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸੂਚਨਾ ਮਿਲਦੇ ਸਾਰ ਥਾਣਾ ਰਾਏਕੋਟ ਸ਼ਹਿਰੀ ਦੇ ਮੁਖੀ ਹੀਰਾ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਮਾਰਕਫੈੱਡ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਮਸਲੇ ਦੇ ਹੱਲ ਲਈ ਅਪੀਲ ਕੀਤੀ। ਸਹਿਕਾਰੀ ਸਭਾਵਾਂ ਰਾਏਕੋਟ ਦੀ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਤੁਗਲ ਨੇ ਦੱਸਿਆ ਕਿ ਮਾਰਕਫੈੱਡ ਦੇ ਸਥਾਨਕ ਮੈਨੇਜਰ ਤੇਜਿੰਦਰ ਸਿੰਘ ਵੱਲੋਂ ਲਿਖਤੀ ਭਰੋਸੇ ਬਾਅਦ ਧਰਨਾ ਖ਼ਤਮ ਕਰ ਦਿੱਤਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇ ਭਵਿੱਖ ਵਿਚ ਅਜਿਹਾ ਵਿਤਕਰਾ ਹੋਇਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਪ੍ਰਧਾਨ ਸੁਰਜੀਤ ਸਿੰਘ ਤੁਗਲ ਅਨੁਸਾਰ ਪਿਛਲੇ ਦਿਨੀਂ ਜਦੋਂ ਡੀਏਪੀ ਖਾਦ ਦਾ ਰੈਕ ਲੱਗਿਆ ਤਾਂ ਉਸ ਵਿੱਚੋਂ ਰਾਏਕੋਟ ਦੀਆਂ 15 ਸਹਿਕਾਰੀ ਸਭਾਵਾਂ ਨੂੰ ਕੇਵਲ ਤਿੰਨ-ਤਿੰਨ ਸੌ ਬੋਰੀਆਂ ਹੀ ਦਿੱਤੀਆਂ ਗਈਆਂ ਸਨ। ਜਦਕਿ ਜਗਰਾਉਂ ਹਲਕੇ ਦੀਆਂ ਸਭਾਵਾਂ ਨੂੰ ਵਾਧੂ ਸਪਲਾਈ ਦਿੱਤੀ ਗਈ ਸੀ। ਇਸ ਕਾਰਨ ਹਲਕੇ ਦੇ ਕਿਸਾਨਾਂ ਵਿਚ ਭਾਰੀ ਰੋਸ ਫੈਲ ਗਿਆ। ਉਨ੍ਹਾਂ ਦੱਸਿਆ ਕਿ ਕਣਕ ਅਤੇ ਆਲੂਆਂ ਦੀ ਬਿਜਾਈ ਲਈ ਕਿਸਾਨ ਪਹਿਲਾਂ ਹੀ ਖਾਦ ਦੀ ਘਾਟ ਨਾਲ ਜੂਝ ਰਹੇ ਹਨ। ਇਸ ਮੌਕੇ ਹਰਜੀਤ ਸਿੰਘ ਲਿੱਤਰਾਂ, ਜਤਿੰਦਰ ਸਿੰਘ ਰਾਜਗੜ੍ਹ, ਹਰਪ੍ਰੀਤ ਸਿੰਘ ਦੱਧਾਹੂਰ, ਮਨਜੋਤ ਸਿੰਘ ਹੇਰਾਂ, ਕਰਮ ਸਿੰਘ ਸਹਬਿਾਜਪੁਰਾ ਮੀਤ ਪ੍ਰਧਾਨ, ਅਜੀਤਪਾਲ ਸਿੰਘ ਹੇਰਾਂ, ਕੁਲਵਿੰਦਰ ਸਿੰਘ ਢਿੱਲੋਂ ਤਲਵੰਡੀ ਰਾਏ, ਕਾਮਰੇਡ ਅਮਰ ਸਿੰਘ ਜਲਾਲਦੀਵਾਲ ਪ੍ਰਧਾਨ ਸਹਿਕਾਰੀ ਸਭਾ ਅਤੇ ਸੁਤੰਤਰ ਸਿੰਘ ਹਲਵਾਰਾ ਮੌਜੂਦ ਸਨ।